ਲੁਧਿਆਣਾ: ਅੱਜ ਖੰਨਾ ਦੇ ਐਸਐਸਪੀ ਦਫ਼ਤਰ ਵਿੱਚ ਇਕ ਘਟਨਾ ਵਾਪਰ ਗਈ। ਜਿੱਥੇ ਗੋਲੀ ਲੱਗਣ ਕਾਰਨ ਡੀਐਸਪੀ ਦੇ ਗੰਨਮੈਨ ਦੀ ਮੌਤ ਹੋ ਗਈ। ਗੰਨਮੈਨ ਦੀ ਪਹਿਚਾਣ ਸੀਨੀਅਰ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ ਹੈ। ਰਸ਼ਪਿੰਦਰ ਸਿੰਘ ਵੋਮੈਨ ਸੈੱਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸਨ।
ਰਸ਼ਪਿੰਦਰ ਦੀ ਛਾਤੀ 'ਚ ਲੱਗੀ ਗੋਲੀ: ਮਿਲੀ ਜਾਣਕਾਰੀ ਅਨੁਸਾਰ ਜਦੋਂ ਰਸ਼ਪਿੰਦਰ ਐਸਐਸਪੀ ਦਫ਼ਤਰ ਵਿਖੇ ਰੀਡਰ ਬ੍ਰਾਂਚ 'ਚ ਬੈਠਾ ਸੀ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਖ਼ਮੀ ਹਾਲਤ 'ਚ ਰਸਪਿੰਦਰ ਨੂੰ ਨੇੜੇ ਹੀ ਆਈਵੀਵਾਈ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦਾ ਸਰਵਿਸ ਰਿਵਾਲਵਰ ਰਸ਼ਪਿੰਦਰ ਦੇ ਹੱਥ 'ਚ ਸੀ। ਜਿਸ ਨੂੰ ਸਾਫ਼ ਕਰਦੇ ਹੋਏ ਗੋਲੀ ਚੱਲ ਗਈ ਅਤੇ ਇਹ ਗੋਲੀ ਰਸ਼ਪਿੰਦਰ ਦੀ ਛਾਤੀ 'ਚ ਲੱਗੀ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਰਸ਼ਪਿੰਦਰ ਨੂੰ ਬਚਾ ਲਿਆ ਜਾਵੇ ਪ੍ਰੰਤੂ ਉਸਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆ ਨੇ ਵੱਟੀ ਚੁੱਪੀ: ਫਿਲਹਾਲ ਗੋਲੀ ਕਿਵੇਂ ਚੱਲੀ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਸੀ। ਪੁਲਿਸ ਦਾ ਇਹੀ ਕਹਿਣਾ ਹੈ ਕਿ ਰਸ਼ਪਿੰਦਰ ਰਿਵਾਲਵਰ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ। ਓਥੇ ਹੀ ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਆਈਜੀ ਪੱਧਰ ਉਪਰ ਇਸਦੀ ਜਾਂਚ ਦੇ ਹੁਕਮ ਦਿੱਤੇ ਹਨ। ਆਈ ਜੀ ਡਾਕਟਰ ਕੌਸਤੁਭ ਸ਼ਰਮਾ ਵੱਲੋਂ ਇਸਦੀ ਰਿਪੋਰਟ ਐਸਐਸਪੀ ਖੰਨਾ ਕੋਲੋਂ ਮੰਗਣ ਦੀ ਵੀ ਸੂਚਨਾ ਹੈ। ਪ੍ਰੰਤੂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਚੁੱਪੀ ਵੱਟੀ ਹੋਈ ਹੈ ਅਤੇ ਮੀਡੀਆ ਸਾਮਣੇ ਆਉਣ ਤੋਂ ਪਾਸਾ ਵੱਟ ਰਹੇ ਹਨ।