ਲੁਧਿਆਣਾ: ਕਣਕ ਦੀਆਂ 17 ਕਿਸਮਾਂ ਇਜਾਤ ਕਰਨ ਵਾਲੇ ਪਦਮ ਵਿਭੂਸ਼ਣ ਡਾ ਖੇਮ ਸਿੰਘ ਗਿੱਲ 5 ਤੱਤਾਂ 'ਚ ਵਲੀਨ ਹੋ ਗਏ। ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਜਿਸ ਮੌਕੇ ਕਈ ਵੱਡੀਆਂ ਸ਼ਖਸੀਅਤਾਂ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੀਆਂ। ਉਨ੍ਹਾਂ ਦੇ ਸਸਕਾਰ ਮੌਕੇ ਨਿਰੰਤਰ ਬੜੂ ਸਾਹਿਬ ਵਾਲਿਆਂ ਵੱਲੋਂ ਕੀਰਤਨ ਲਗਾਤਾਰ ਚੱਲਦਾ ਰਿਹਾ।
ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਨੇ ਕਿਹਾ ਕਿ ਕੌਮ ਲਈ ਅਤੇ ਦੇਸ਼ ਲਈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਐਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਬਲਦੇਵ ਸਿੰਘ ਅਤੇ ਲੁਧਿਆਣਾ ਦੇ ਮੇਅਰ ਪੰਜਾਬ ਸਰਕਾਰ ਦੇ ਵੱਲੋਂ ਸ਼ਰਧਾਂਜਲੀ ਦੇਣ ਲਈ ਪਹੁੰਚੇ।
ਇਸ ਮੌਕੇ ਸ਼ਰਧਾਂਜਲੀ ਦਿੰਦਿਆਂ ਸਾਬਕਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਡਾ ਖੇਮ ਸਿੰਘ ਗਿੱਲ ਨੇ ਜੋ ਕੌਮ ਅਤੇ ਖੇਤੀ ਦੇ ਖੇਤਰ ' ਚ ਭੂਮਿਕਾ ਨਿਭਾਈ ਹੈ ਉਸ ਲਈ ਉਨ੍ਹਾਂ ਨੂੰ ਐਸਜੀਪੀਸੀ ਵੱਲੋਂ ਪੰਥ ਰਤਨ ਦਾ ਐਵਾਰਡ ਦੇਣਾ ਚਾਹੀਦਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਡਾਕਟਰ ਸਾਹਿਬ ਉਹ ਇੱਕ ਵੱਡੇ ਵਿਦਵਾਨ ਸਨ ਅਤੇ ਖੇਤੀ ਦੇ ਖੇਤਰ ਵਿੱਚ ਦਿੱਤਾ ਗਿਆ ਯੋਗਦਾਨ ਬਹੁਤ ਵੱਡਾ ਹੈ। ਪੰਜਾਬ ਸਰਕਾਰ ਅਤੇ ਐਸ.ਜੀ.ਪੀ.ਸੀ. ਨੂੰ ਉਨ੍ਹਾਂ ਲਈ ਕੋਈ ਵੱਡਾ ਐਲਾਨ ਵੀ ਕਰਨਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਜੂਦਾ ਵੀਸੀ ਡਾ ਬਲਦੇਵ ਸਿੰਘ ਨੇ ਕਿਹਾ ਕਿ ਡਾ ਖੇਮ ਸਿੰਘ ਗਿੱਲ ਉਨ੍ਹਾਂ ਦੇ ਅਧਿਆਪਕ ਰਹਿ ਚੁੱਕੇ ਹਨ ਇਸ ਕਰਕੇ ਉਨ੍ਹਾਂ ਦਾ ਰਿਸ਼ਤਾ ਉਨ੍ਹਾਂ ਨਾਲ ਕਾਫੀ ਗੂੜਾ ਸੀ।