ਲੁਧਿਆਣਾ: ਸੰਗਰੂਰ ਹਾਦਸੇ ਤੋਂ ਕੁਝ ਦਿਨ ਬਾਅਦ ਹੀ ਬੀਤੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਇੱਕ ਮਾਸੂਮ ਦੀ ਸਕੂਲ ਦੇ ਬਾਹਰ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪਰਿਵਾਰਕ ਮੈਂਬਰਾਂ ਨੇ ਇਸ ਦਾ ਦੋਸ਼ ਸਕੂਲ ਪ੍ਰਸ਼ਾਸਨ 'ਤੇ ਲਗਾਏ ਸਨ, ਕਿਉਂਕਿ ਛੁੱਟੀ ਵੇਲ੍ਹੇ ਕੋਈ ਵੀ ਗੇਟਮੈਨ ਗੇਟ 'ਤੇ ਮੌਜੂਦ ਨਹੀਂ ਸੀ। ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਬੱਚੇ ਦੀ ਜਾਨ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਛੁੱਟੀ ਵੇਲੇ ਗੇਟਮੈਨ ਗੇਟ 'ਤੇ ਮੌਜੂਦ ਹੁੰਦਾ ਤਾਂ ਇਹ ਹਾਦਸਾ ਨਹੀਂ ਵਾਪਰਦਾ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸਕੂਲ ਪ੍ਰਸ਼ਾਸਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਧਰ ਦੂਜੇ ਪਾਸੇ ਸਕੂਲ ਦੇ ਬਾਹਰ ਹੰਗਾਮੇ ਦੀ ਖ਼ਬਰ ਮਿਲਦਿਆਂ ਹੀ ਏਸੀਪੀ ਜਤਿੰਦਰ ਚੋਪੜਾ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਜ਼ਿਕਰਯੋਸ ਹੈ ਕਿ ਲੁਧਿਆਣਾ ਦੇ ਸਰਸਵਤੀ ਮਾਡਰਨ ਪਲੇਅ ਵੇ ਸਕੂਲ ਦੇ ਪੜ੍ਹਨ ਵਾਲੇ ਤਿੰਨ ਸਾਲ ਦੇ ਮਾਸੂਮ ਦੀ ਗੇਟ ਦੇ ਬਾਹਰ ਇੱਕ ਕਾਰ ਵੱਲੋਂ ਦਰੜਨ ਕਾਰਨ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਉੱਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ।
ਇਹ ਵੀ ਪੜ੍ਹੋ: ਅਣਮੁੱਲੇ ਖ਼ਜ਼ਾਨੇ ਨੂੰ ਸਾਂਭਣ ਲਈ ਕੁਰਬਾਨ ਕਰ ਦਿੱਤੀ ਸਾਰੀ ਜ਼ਿੰਦਗੀ