ਲੁਧਿਆਣਾ: ਪੰਜਾਬ ਦੇ ਉਦਯੋਗਿਕ ਮੰਤਰੀ ਸੁੰਦਰ ਸ਼ਾਮ ਅਰੋੜਾ ਲੁਧਿਆਣਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਜਿੱਥੇ ਵੱਖ-ਵੱਖ ਸਨਅਤਾਂ ਦੇ ਨਾਲ ਸਬੰਧਿਤ ਆਗੂਆਂ ਨਾਲ ਗੱਲਬਾਤ ਕੀਤੀ ਉੱਥੇ ਹੀ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਸਨਅਤਕਾਰਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਸਨਅਤਕਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ, ਉਨ੍ਹਾਂ ਦਾਅਵਾ ਕੀਤਾ ਕਿ ਜੋ ਲੇਬਰ ਵਾਪਸ ਗਈ ਹੈ ਉਹ ਪੰਜਾਬ ਵਾਪਸ ਆਉਣਾ ਚਾਹੁੰਦੀ ਹੈ। ਉਸ ਸਬੰਧੀ ਅਸੀਂ ਕੇਂਦਰ ਸਰਕਾਰ ਨੂੰ ਇੱਕ ਪੱਤਰ ਵੀ ਲਿਖਿਆ ਹੈ ਕਿ ਲੇਬਰ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਜਾਣ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਪੀ.ਪੀ ਕਿੱਟਾਂ ਅਤੇ ਮਾਸਕ ਬਣਾਏ ਜਾ ਰਹੇ ਹਨ। ਉਨ੍ਹਾਂ ਦੇ ਦੇਸ਼ ਭਰ ਦੇ ਸੂਬਿਆਂ ਦੇ ਨਾਲ ਇਹ ਰਾਬਤਾ ਕਾਇਮ ਕੀਤਾ ਹੈ ਕਿ ਉਹ ਪੰਜਾਬ ਤੋਂ ਪੀਪੀ ਕਿੱਟਾਂ ਅਤੇ ਮਾਸਕ ਲੈਣ ਅਤੇ ਉਨ੍ਹਾਂ ਨੂੰ ਉਹ ਸਸਤੀ ਕੀਮਤਾਂ 'ਤੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਨਅਤਕਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਫ਼ਸਰ ਨੂੰ ਕਿਸੇ ਵੀ ਕੰਪਨੀ ਵਿੱਚ ਛਾਪਾ ਮਾਰਨ ਤੋਂ ਪਹਿਲਾਂ ਉਸ ਨੂੰ ਲਿਖਤੀ ਮੇਲ ਕਰਨੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਕ ਕਮੇਟੀ ਵੀ ਪੰਜਾਬ ਪੱਧਰ ਦੀ ਬਣਾਈ ਗਈ ਹੈ।
ਉੱਧਰ ਦੂਜੇ ਪਾਸੇ ਲੁਧਿਆਣਾ ਦੇ ਸਨਅਤਕਾਰ ਬਾਤਿਸ਼ ਜਿੰਦਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਅੱਗੇ ਆਪਣੀਆਂ ਸਮੱਸਿਆਵਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿਲਾਂ ਦੀਆਂ ਸਮੱਸਿਆਵਾਂ ਸਸਤੀ ਬਿਜਲੀ, ਫਿਕਸ ਚਾਰਜ, ਅਫਸਰਾਂ ਵੱਲੋਂ ਬਿਨਾਂ ਗੱਲੋਂ ਤੰਗ ਕਰਨਾ, ਲੇਬਰ ਦੀ ਸਮੱਸਿਆ ਆਦਿ ਬਾਰੇ ਜਾਣੂ ਕਰਵਾਇਆ।