ਜਲੰਧਰ: ਕੋਵਿਡ-19 ਦੇ ਫੈਲੇ ਕਹਿਰ ਸਬੰਧੀ ਸਰਾਕਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ 'ਤੇ ਲੋਕਾਂ ਨੂੰ ਅਮਲ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਨ੍ਹਾਂ ਹਦਾਇਤਾਂ 'ਚ ਸਫ਼ਾਈ ਦਾ ਧਿਆਨ ਰੱਖਣ ਦੇ ਨਾਲ-ਨਾਲ ਵਾਰ ਵਾਰ ਹੱਥ ਧੋਣ ਦੀ ਵੀ ਹਦਾਇਤਾਂ ਸ਼ਾਮਲ ਹੈ। ਪਰ ਗੁਰਬਤ ਅਤੇ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਨਾ ਤਾਂ ਚੰਗੀ ਤਰ੍ਹਾਂ ਕੋਵਿਡ-19 ਬਾਰੇ ਜਾਣਕਾਰੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਮਾਸਕ ਅਤੇ ਸੈਨੀਟਾਇਜ਼ਰ ਖ਼ਰੀਦਣ ਲਈ ਪੈਸੇ ਹਨ। ਇਹੋ ਜਿਹੇ ਲੋਕਾਂ ਦੀ ਮਦਦ ਲਈ ਇੱਕ ਵਾਰ ਮੁੜ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਅੱਗੇ ਆਈ ਹੈ।
ਖ਼ਾਲਸਾ ਏਡ ਵੱਲੋਂ ਜਲੰਧਰ ਦੇ ਝੁੱਗੀਆਂ ਵਾਲੇ ਇਲਾਕਿਆਂ ਦੇ ਵਿੱਚ ਹਾਈਜੀਨ ਕਿਟਾਂ ਵੰਡੀਆਂ ਗਈਆਂ ਹਨ। ਗੱਲਬਾਤ ਕਰਦਿਆਂ ਖ਼ਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਈਜੀਨ ਕਿਟ 'ਚ ਸੈਨੀਟਾਈਜ਼ਰ, ਫੇਸ ਮਾਸਕ ਅਤੇ ਸਾਬਣ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਦੇ ਲੋਕਾਂ ਨੂੰ ਸਫ਼ਾਈ ਅਤੇ ਕੋਵਿਡ-19 ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੋਵਿਡ-19 ਦੇ ਕਹਿਰ ਨੂੰ ਵੇਖਦਿਆਂ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਜਿੱਥੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਹੀ ਹੁਣ 31 ਮਾਰਚ ਤਕ ਪੰਜਾਬ ਨੂੰ ਲੌਕਡਾਊਨ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ। ਇਹੋ ਜਿਹੇ ਹਲਾਤਾਂ 'ਚ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਤੱਕ ਖ਼ਾਲਸਾ ਏਡ ਨੇ ਆਪਣੀ ਪਹੁੰਚ ਬਣਾ ਅਤੇ ਉਨ੍ਹਾਂ ਦੀ ਮਦਦ ਕਰ ਚੰਗੇ ਨਾਗਰਿਕ ਹੋਣ ਦੇ ਨਾਲ ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਸਬੂਤ ਵੀ ਦਿੱਤਾ ਹੈ।