ਹੁਸ਼ਿਆਰਪੁਰ : ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੱਤਰਕਾਰਾਂ ਨਾਲ ਖ਼ਾਸ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 28 ਫ਼ਰਵਰੀ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਜਟ ਜਨਤਾ ਦੇ ਲਈ ਅਹਿਮ ਹੈ।
ਉਨ੍ਹਾਂ ਕਿਹਾ ਕਿ ਇਸ ਬਜਟ ਤੋਂ ਪਹਿਲਾਂ ਖ਼ਜ਼ਾਨਾ ਖ਼ਾਲੀ ਹੋਣ ਕਰ ਕੇ ਸੂਬਾ ਸਰਕਾਰ ਦਾ ਵਿੱਤੀ ਪੱਖੋਂ ਬੁਰਾ ਹਾਲ ਸੀ ਪਰ ਹੁਣ ਵਿੱਤੀ ਹਾਲਤ ਵਿੱਚ ਕੁੱਝ ਸੁਧਾਰ ਆਇਆ ਹੈ।
ਬਜਟ ਵਿੱਚ ਹੁਸ਼ਿਆਰਪੁਰ ਦਾ ਖ਼ਾਸ ਜ਼ਿਕਰ
ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਜਟ ਵਿੱਚ 6-7 ਵਾਰ ਹੁਸ਼ਿਆਰਪੁਰ ਨੂੰ ਖ਼ਾਸ ਸਥਾਨ ਦਿੱਤਾ ਗਿਆ। ਉੱਥੇ ਹੀ ਅਕਾਲੀਆਂ ਵੱਲੋਂ ਮਨਪ੍ਰੀਤ ਬਾਦਲ ਦੀ ਕੋਠੀ ਨੂੰ ਘੇਰਾ ਪਾਏ ਜਾਣ ਬਾਰੇ ਉਨ੍ਹਾਂ ਬੋਲਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਚੁਣਿਆ ਅਤੇ ਵਿਧਾਨ ਸਭਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਕੀ ਇੰਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਲੋਕਾਂ ਦੀ ਗੱਲ ਕਰਨ, ਇਹ ਤਾਂ ਸਿਰਫ਼ ਆਪਣੇ ਬਾਰੇ ਹੀ ਸੋਚ ਰਹੇ ਹਨ ਅਤੇ ਰਾਜਨੀਤੀ ਕਰ ਰਹੇ ਹਨ।
ਅਕਾਲੀ ਸਰਕਾਰ ਵੇਲੇ ਪੌਣੇ 200 ਦੇ ਕਰੀਬ ਯੂਨਿਟ ਹੋਏ ਬੰਦ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਪ੍ਰਧਾਨ ਸੂਬੇ ਨੂੰ ਖੇਤੀ ਦੇ ਨਾਲ-ਨਾਲ ਉਦਯੋਗਾਂ ਵਿੱਚ ਮੋਹਰੀ ਬਣਾਉਣ ਲਈ ਇਸ ਵਾਰ ਦੇ ਬਜਟ ਵਿੱਚ ਕਾਫ਼ੀ ਕੁੱਝ ਦਿੱਤਾ ਹੈ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਸਰਕਾਰ ਨੇ ਪਿਛਲੀ ਵਾਰ ਨਾਲੋਂ ਇਸ ਵਾਰ ਸਬਸਿਡੀ ਕਾਫ਼ੀ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੰਨੀ ਮੰਦੀ ਹੋਣ ਦੇ ਬਾਵਜੂਦ ਵੀ ਸੂਬੇ ਵਿੱਚ ਨਵੇਂ ਕਾਰਖ਼ਾਨੇ ਲੱਗ ਰਹੇ ਹਨ ਤੇ ਸੂਬੇ ਵਿੱਚ ਉਦਯੋਗਾਂ ਦੀ ਉੱਨਤੀ ਲਈ 57,000 ਕਰੋੜ ਦਾ ਨਿਵੇਸ਼ ਹੋ ਰਿਹਾ ਹੈ।
ਘਰ-ਘਰ ਨੌਕਰੀ ਦਾ ਵਾਅਦਾ ਪੂਰਾ
ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜਾ ਸੇਵਾ-ਮੁਕਤੀ ਦੀ ਮਿਆਦ 58 ਸਾਲ ਕੀਤੀ ਹੈ, ਉਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਵਿੱਚ ਮੌਕੇ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ, ਜੋ ਪਹਿਲਾਂ ਸਿਰਫ਼ ਲੜਕੀਆਂ ਲਈ ਸੀ, ਹੁਣ ਲੜਕਿਆਂ ਲਈ ਵੀ 12ਵੀਂ ਜਮਾਤ ਤੱਕ ਦੀ ਪੜ੍ਹਾਈ ਮੁਫ਼ਤ ਕਰ ਦਿੱਤੀ ਹੈ। ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਸਰਕਾਰੀ ਆਪਣੀਆਂ ਬੱਸਾਂ ਚਲਾਏਗੀ, ਜਿਸ ਦਾ ਬਜਟ ਵਿੱਚ ਜ਼ਿਕਰ ਕੀਤਾ ਗਿਆ ਹੈ।
ਹੁਸ਼ਿਆਰਪੁਰ ਨੂੰ ਮੈਡੀਕਲ ਕਾਲਜ ਅਤੇ ਕੈਂਸਰ ਹਸਪਤਾਲ
ਸੁੰਦਰ ਸ਼ਾਮ ਅਰੋੜਾ ਨੇ ਵਿੱਤ ਮੰਤਰੀ ਦਾ ਹੁਸ਼ਿਆਰਪੁਰ ਨੂੰ ਮੈਡੀਕਲ ਕਾਲਜ ਦੇਣ ਦੇ ਲਈ ਧੰਨਵਾਦ ਕੀਤਾ ਹੈ, ਜਿਸ ਦੇ ਇਸ ਕੰਢੀ ਖੇਤਰ ਨੂੰ ਕਾਫ਼ੀ ਲੰਬੇ ਸਮੇਂ ਤੋਂ ਲੋੜ ਸੀ। ਇਹ ਉਨ੍ਹਾਂ ਦਾ ਬਹੁਤ ਹੀ ਵੱਡਾ ਉਪਰਾਲਾ ਹੈ। ਜਿਸ ਨਾਲ ਹੁਸ਼ਿਆਰਪੁਰ ਦੇ ਬੱਚਿਆਂ ਨੂੰ ਬਹੁਤ ਵੱਡਾ ਫ਼ਾਇਦਾ ਮਿਲੇਗਾ।