ਹੁਸ਼ਿਆਰਪੁਰ: ਰੋਟੀ, ਕਪੜਾ ਅਤੇ ਮਕਾਨ ਇਨਸਾਨ ਦੀਆ ਤਿੰਨ ਸਭ ਤੋਂ ਮੁਢਲੀਆਂ ਜ਼ਰੂਰਤਾਂ ਹੁੰਦੀਆਂ ਹਨ ਅਤੇ ਇਨ੍ਹਾਂ ਸਹੂਲਤਾਂ ਲਈ ਹੀ ਇਨਸਾਨ ਸਾਰੀ ਉਮਰ ਮਿਹਨਤ ਕਰਦਾ ਹੈ ਅਤੇ ਇਸੇ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਪਰ ਜੇਕਰ ਇਸ ਘਰ ਨੂੰ ਨੁਕਸਾਨ ਹੋ ਜਾਵੇ ਤਾਂ ਮਾੜੇ ਤਬਕੇ ਦੇ ਲੋਕ ਸਰਕਾਰ ਦੇ ਹੱਥਾਂ ਵੱਲ ਦੇਖਦੇ ਹਨ। ਪਰ ਜੇਕਰ ਸਰਕਾਰ ਹੀ ਆਪਣੀ ਜ਼ਿੰਮੇਵਾਰੀ ਨਾਂ ਸਮਝਣ ਤਾਂ ਲੋਕ ਕਿਸ ਦੇ ਕੋਲ ਜਾਣ।
ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ਵਿਖੇ ਪਿੰਡ ਸਤਨੋਰ ਦੀ ਰੇਸ਼ਮ ਦੇਵੀ ਦਾ ਹੈ ਜੋ ਪਿੱਛਲੇ ਲੰਬੇ ਸਮੇਂ ਤੋਂ ਮਕਾਨ ਨਾ ਹੋਣ ਕਰਕੇ ਝੋਂਪੜੀ ਵਿੱਚ ਗੁਜ਼ਾਰਾ ਕਰ ਰਹੀ ਹੈ। ਇਸ ਬਜ਼ੁਰਗ ਔਰਤ ਦੀ ਕਿਸੇ ਮੰਤਰੀ ਜਾਂ ਸਮਾਜਸੇਵੀ ਸੰਸਥਾ ਨੇ ਸਾਰ ਨਹੀਂ ਲਈ। ਰੇਸ਼ਮ ਦੇਵੀ ਨੇ ਦੱਸਿਆ ਕਿ ਉਸ ਦਾ ਘਰ ਦਾ ਸਾਰਾ ਸਾਮਾਨ ਬਾਹਰ ਹੋਣ ਕਾਰਨ ਖਰਾਬ ਹੋ ਚੁੱਕਾ ਹੈ ਅਤੇ ਹੁਣ 60 ਸਾਲ ਤੋਂ ਜਿਆਦਾ ਉਮਰ ਹੋਣ ਕਾਰਨ ਉਹ ਦਿਹਾੜੀ ਕਰਨ ਵਿੱਚ ਵੀ ਅਸਮਰੱਥ ਹੈ।
ਰੇਸ਼ਮ ਦੇਵੀ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਾਰਮ ਵੀ ਭਰੇ ਸਨ ਅਤੇ ਕਈ ਵਾਰ ਲੀਡਰਾਂ ਅਤੇ ਪ੍ਰਸ਼ਾਸ਼ਨ ਕੋਲ ਗੁਹਾਰ ਲਗਾਈ ਹੈ, ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ। ਹੁਣ ਪੀੜਤ ਰੇਸ਼ਮ ਦੇਵੀ ਨੇ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕੇ।