ਗੁਰਦਾਸਪੁਰ: ਬਟਾਲਾ 'ਚ ‘ਕਰੁਣਾ ਸਾਗਰ’ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਜਲੰਧਰ ਰੋਡ ਸਥਿਤ ਸ੍ਰੀ ਵਾਲਮੀਕਿ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਸੂਬੇ ਦੇ ਉਚੇਰੀ ਸਿੱਖਿਆ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸ. ਬਾਜਵਾ ਨੇ ਸਭ ਤੋਂ ਪਹਿਲਾਂ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਭਗਵਾਨ ਵਾਲਮੀਕਿ ਆਸ਼ਰਮ ਰਾਮ ਤੀਰਥ ਅੰਮ੍ਰਿਤਸਰ ਤੋਂ ਲਿਆਂਦੀ ਸ੍ਰੀ ਅਖੰਡ ਜੋਤੀ ਨਾਲ ਮੰਦਰ ਵਿੱਚ ਜੋਤ ਨੂੰ ਜਗਾਇਆ।
ਇਸ ਮੌਕੇ ਸਮੂਹ ਸੰਗਤਾਂ ਨੂੰ ‘ਕਰੁਣਾ ਸਾਗਰ’ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਜਿਨਾਂ ਨੇ ਬਦੀ ’ਤੇ ਨੇਕੀ ਦੀ ਜਿੱਤ ਦਾ ਸੁਨੇਹਾ ਆਪਣੇ ਮਹਾਨ ਗ੍ਰੰਥ ‘ਰਾਮਾਇਣ’ ਦੇ ਰਾਹੀਂ ਦਿੱਤਾ। ਉਨਾਂ ਦੁਆਰਾ ਰਚਿਤ ‘ਰਾਮਾਇਣ’ ਮਨੁੱਖੀ ਕਦਰਾਂ-ਕੀਮਤਾਂ ਦੀ ਇਕ ਸ਼ਾਹਕਾਰ ਰਚਨਾ ਹੈ।
ਬਾਜਵਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਇਹ ਮਹਾਨ ਗ੍ਰੰਥ ਸਦੀਆਂ ਤੋਂ ਲੋਕਾਂ ਨੂੰ ਆਦਰਸ਼ ਜਿੰਦਗੀ ਜਿਊਣ ਅਤੇ ਨੈਤਿਕਤਾ ’ਤੇ ਚੱਲਣ ਦਾ ਸੁਨੇਹਾ ਦੇ ਰਿਹਾ ਹੈ। ਉਨਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ, ਆਦਰਸ਼ ਵਿਅਕਤੀ, ਆਦਰਸ਼ ਰਾਜਾ ਦੇ ਸਬੰਧ ਵਿਚ ਬੜਾਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਗਏ ਮਾਰਗ ਦੇ ਅਨੁਸਾਰ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਇਹ ਦਿਹਾੜਾ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਅਤੇ ਪਿਆਰ ਨਾਲ ਮਨਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸੰਗਤ ਵਲੋਂ 'ਕਰੁਣਾ ਸਾਗਰ’ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਇਸ ਸ਼ੋਭਾ ਯਾਤਰਾ ਵਿੱਚ ਭਾਗ ਲਿਆ ਅਤੇ ਭਗਵਾਨ ਵਾਲਮੀਕਿ ਜੀ ਦੇ ਜੈਕਾਰੇ ਬੁਲਾਏ।