ਗੁਰਦਾਸਪੁਰ: ਪੰਜਾਬ ਸਰਕਾਰ ਵਲੋਂ ਲੌਕਡਾਊਨ 'ਚ ਆਮ ਜਨਤਾ ਨੂੰ ਰਾਹਤ ਦਿੰਦਿਆਂ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਸਮਾਂਬੱਧ ਤਰੀਕੇ ਨਾਲ ਆਪਣੇ ਕੰਮ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪਬਲਿਕ ਟ੍ਰਾਂਸਪੋਰਟ ਦੇ ਨਾਲ ਕੁੱਝ ਸ਼ਰਤਾਂ ਦੇ ਅਧਾਰ 'ਤੇ ਸਰਕਾਰੀ ਬਸਾਂ ਨੂੰ ਵੀ ਸ਼ੁਰੂ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ। ਪਰ ਹਾਲੇ ਤੱਕ ਪ੍ਰਾਈਵੇਟ ਮਿੰਨੀ ਬੱਸਾਂ ਚਲਾਉਣ ਸਬੰਧੀ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ। ਮਿੰਨੀ ਬੱਸਾਂ ਪ੍ਰਤੀ ਸੂਬਾ ਸਰਕਾਰ ਵਲੋਂ ਅਖਤਿਆਰ ਕੀਤੇ ਜਾ ਰਹੇ। ਇਸ ਰਵੱਈਏ ਤੋਂ ਪ੍ਰਾਈਵੇਟ ਮਿੰਨੀ ਬੱਸਾਂ ਦੇ ਮਾਲਿਕ ਖਾਸੇ ਨਾਰਾਜ਼ ਨਜ਼ਰ ਆ ਰਹੇ ਹਨ। ਹਾਲਾਂਕਿ ਪੂਰੇ ਸੂਬੇ ਦੀ ਤਰ੍ਹਾਂ ਗੁਰਦਾਸਪੁਰ ਬੱਸ ਅੱਡੇ ਤੋਂ ਵੀ ਅੱਜ ਨਾ ਮਾਤਰ ਸਰਕਾਰੀ ਬੱਸਾਂ ਚਲਾਈਆਂ ਗਈਆਂ। ਪਰ ਇਹ ਬੱਸਾਂ ਲੰਮੇ ਰੂਟਾਂ ਦੀਆਂ ਹੋਣ ਕਾਰਨ ਸਥਾਨਕ ਲੋਕਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਿਆ। ਹਾਲਾਂਕਿ ਇਨ੍ਹਾਂ ਸਰਕਾਰੀ ਬੱਸਾਂ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਪਰਵਾਸੀਆਂ ਨੂੰ ਫਾਇਦਾ ਜ਼ਰੂਰ ਹੋਇਆ ਜੋ ਪੈਸੇ ਹੋਣ ਤੇ ਟਿਕਟ ਖਰਚ ਕੇ ਆਪਣੇ ਆਪਣੇ ਰਾਜਾਂ ਲਈ ਰਵਾਨਾ ਹੋ ਗਏ।
ਮਿੰਨੀ ਬੱਸ ਮਾਲਿਕਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨੇ ਤੋਂ ਸੂਬੇ ਭਰ ਅੰਦਰ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਪ੍ਰਾਈਵੇਟ ਮਿੰਨੀ ਬੱਸ ਮਾਲਿਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਦੂਜੇ ਪਾਸੇ ਸੂਬਾ ਸਰਕਾਰ ਮਿੰਨੀ ਬੱਸਾਂ ਨੂੰ ਚਲਾਉਣ ਦੇ ਹੁਕਮ ਬਾਰੇ ਕੋਈ ਐਲਾਨ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬੱਸ ਭਾਵੇਂ ਚੱਲੇ ਜਾਂ ਨਾ ਚੱਲੇ ਹਰੇਕ ਬੱਸ ਨੂੰ ਸਾਲਾਨਾ 70 ਹਜ਼ਾਰ ਰੁਪਏ ਇਨਸ਼ੋਰੈਂਸ ਅਤੇ ਗੱਡੀ ਦੀ ਕਿਸ਼ਤ ਦੇ ਨਾਲ ਨਾਲ ਡਰਾਈਵਰ ਅਤੇ ਕੰਡਕਟਰ ਦੀ ਤਨਖਾਹ ਦਾ ਖ਼ਰਚ ਦੇਣਾ ਹੀ ਪੈ ਰਿਹਾ ਹੈ।