ਫਿਰੋਜ਼ਪੁਰ: 4 ਜਨਵਰੀ 2021 ਨੂੰ ਰਾਤ ਕਰੀਬ ਪੌਣੇ 10 ਵਜੇ ਚੇਤਨ ਦੂਮੜਾ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਲਈ ਬਲਵੀਰ ਸਿੰਘ ਕਪਤਾਨ ਪੁਲਿਸ (ਸਥਾਨਿਕ), ਫਿਰੋਜਪੁਰ ਦੀ ਪ੍ਰਧਾਨਗੀ ਹੇਠ ਬਰਿੰਦਰ ਸਿੰਘ ਗਿੱਲ ਡੀਐੱਸਪੀ (ਸ਼ਹਿਰੀ), ਰਵਿੰਦਰ ਪਾਲ ਸਿੰਘ ਡੀਐੱਸਪੀ (ਡੀ), ਜਗਦੀਸ ਕੁਮਾਰ ਡੀਐੱਸਪੀ (ਪੀਬੀਆਈ) ਮੁੱਖ ਅਫਸਰ ਸਿਟੀ ਫਿਰੋਜ਼ਪੁਰ ਅਤੇ ਇੰਚਾਰਜ਼ ਸੀਆਈਏ ਫਿਰੋਜ਼ਪੁਰ ਦੀ ਸਪੈਸ਼ਲ ਇੰਨਵੈਸਟੀਗੇਸਨ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਮੁਲਜ਼ਮਾਂ ਨੂੰ ਟੀ- ਪੁਆਇੰਟ ਮਮਦੋਟ ਨੇੜੇ ਪਿੰਡ ਖਾਈ ਫੇਮੇ ਕੀ ਨਹਿਰਾਂ ਤੋਂ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਸਾਜਨ ਮਾਲੀ ਪਾਸੋਂ ਇੱਕ ਦੇਸੀ ਪਿਸਤੌਲ 32 ਬੋਰ ਅਤੇ ਸਾਹਿਲ ਟਿੱਡੀ ਪਾਸੋਂ ਵੀ ਇੱਕ ਦੇਸੀ ਪਿਸਟਲ 32 ਬੋਰ ਸਮੇਤ 5 ਰੋਂਦ ਜਿੰਦਾ ਬਰਾਮਦ ਕੀਤੇ ਅਤੇ ਵਾਰਦਾਤ ਵਿੱਚ ਵਰਤੀ ਗਈ ਫਾਰਚੂਨਰ ਨੰਬਰੀ ਪੀਬੀ 10 ਈਐੱਚ -8100 ਵੀ ਬਰਾਮਦ ਕੀਤੀ।
ਪੁਰਾਣੀ ਰੰਜਿਸ਼ ਦਾ ਸੀ ਮਾਮਲਾ
ਮੁਲਜ਼ਮਾਂ ਨਾਲ ਕੀਤੀ ਗਈ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸਾਜਨ ਦੀ ਕਿਸੇ ਹੋ ਵਿਅਕਤੀ ਨਾਲ ਪਹਿਲਾਂ ਤੋਂ ਹੀ ਪੁਰਾਣੀ ਰੰਜ਼ਿਸ਼ ਚੱਲਦੀ ਸੀ, ਉਨ੍ਹਾਂ ਨੂੰ ਇਤਲਾਹ ਮਿਲੀ ਕਿ ਨਿਤਿਨ ਚੁੱਚ ਫਿਰੋਜ਼ਪੁਰ ਵਿਖੇ ਘੁੰਮ ਰਿਹਾ ਹੈ, ਪਰ ਘਟਨਾ ਦੌਰਾਨ ਉਕਤ ਕਾਰ ਚ ਨਿਤਿਨ ਦੀ ਥਾਂ ਤੇ ਚੇਤਨ ਦੂਮੜਾ ਆਪਣੇ ਪਰਿਵਾਰ ਨਾਲ ਘਰ ਵਾਪਸ ਆ ਰਿਹਾ ਸੀ ਇਸ ਦੌਰਾਨ ਮੁਲਜ਼ਮਾਂ ਨੇ ਇਤਲਾਹ ਮੁਤਾਬਿਕ ਕਾਰ ਸਵਾਰ ਚੇਤਨ ਦੂਮੜਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।