ਜਲਾਲਾਬਾਦ: ਪੰਜਾਬ ਸਰਕਾਰ ਵੱਲੋਂ ਰੇਤ ਦੀ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਨਾਲ ਨਿਰਦੇਸ਼ ਜਾਰੀ ਕੀਤੇ ਗਏ ਹਨ। ਪਰ ਦੂਜੇ ਪਾਸੇ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਦੀ ਪੰਚਾਇਤ ਛੱਪੜ ਦੀ ਖ਼ੁਦਾਈ ਕਰਨ ਦੇ ਨਾਂ ’ਤੇ ਹਰ ਰੋਜ਼ ਪੋਪ ਲਾਈਨ ਰਾਹੀਂ ਗੈਰ ਕਾਨੂੰਨੀ ਮਾਈਨਿੰਗ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦੀ ਠੱਗੀ ਕਰ ਰਹੇ ਹਨ। ਉੱਥੇ ਹੀ ਪੰਚਾਇਤੀ ਜ਼ਮੀਨ ਦਾ ਵੱਡੇ ਪੱਧਰ ’ਤੇ ਨੁਕਸਾਨ ਵੀ ਹੋ ਰਿਹਾ ਹੈ। ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾ ’ਤੇ ਇੰਡਸਟਰੀ ਮਾਈਨਿੰਗ ਵਿਭਾਗ ਪੰਜਾਬ ਚੰਡੀਗੜ੍ਹ ਬਲਜੀਤ ਸਿੰਘ ਭੁੱਲਰ ਐਸਪੀ ਨੇ ਪਿੰਡ ਦੇ ਮੌਜੂਦਾ ਸਰਪੰਚ ’ਤੇ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਮਲਕੀਤ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਇੰਡਸਟਰੀ ਮਾਈਨਿੰਗ ਵਿਭਾਗ ਪੰਜਾਬ ਬਲਜੀਤ ਸਿੰਘ ਭੁੱਲਰ ਐਸ.ਪੀ ਦੇ ਨਿਰਦੇਸ਼ਾਂ ’ਤੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਊਰਫ ਬਿੱਟੂ ਦੇ ਖ਼ਿਲਾਫ ਥਾਣਾ ਸਿਟੀ ਜਲਾਲਾਬਾਦ ਵਿਖੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਉਕਤ ਦੋਸ਼ੀ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ ਇਸ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਅੰਮ੍ਰਿਤਸਰ ’ਚ ਗੁੰਡਾਗਰਦੀ ਦੀਆਂ ਹੱਦਾਂ ਪਾਰ, ਕੌਂਸਲਰ ਤੇ ਪੁਲਿਸ ਮੁਲਾਜਮਾਂ ’ਤੇ ਹੋਇਆ ਹਮਲਾ
ਜਿਕਰਯੋਗ ਹੈ ਕਿ ਛੱਪੜ ਦੇ ਨਾਲ ਹੀ ਕੁੱਝ ਦੂਰੀ ’ਤੇ ਸਰਕਾਰੀ ਮਿਡਲ ਸਕੂਲ ਸਥਿਤ ਹੈ ਜੇਕਰ ਇਸ ਤਰ੍ਹਾਂ ਹੀ ਰੇਤ ਦੀ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ’ਚ ਕੀਤੇ ਨਾ ਕੀਤੇ ਇਹ ਵਿਦਿਆਰਥੀਆਂ ਲਈ ਵੱਡਾ ਹਾਦਸੇ ਦਾ ਕਾਰਨ ਬਣ ਸਕਦੀ ਹੈ।