ਅਬੋਹਰ: ਆਮ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਕਰੋਡ਼ਾਂ ਦੀ ਲਾਗਤ ਨਾਲ ਬਣਾਇਆ ਗਿਆ ਅਬੋਹਰ ਦਾ ਸਰਕਾਰੀ ਹਸਪਤਾਲ ਕਾਫ਼ੀ ਖ਼ਸਤਾ ਹਾਲਤ 'ਚ ਹੈ। ਇੱਥੇ ਡਾਕਟਰਾਂ ਦੀ ਕਮੀ ਹੈ ਅਤੇ ਮਰੀਜਾਂ ਨੂੰ ਦਵਾਈਆਂ, ਪਾਣੀ ਅਤੇ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਮਿਲ ਪਾ ਰਹੀਆ ਹਨ।
ਇਹੀ ਨਹੀਂ ਹੁਣ ਤਾਂ ਡਾਕਟਰਾਂ ਅਤੇ ਫਾਰਮਾਸਿਸਟਾਂ ਨੂੰ ਵੀ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਟੀ. ਬੀ ਵਾਰਡ, ਈਐੱਸਆਈ ਡਾਕਟਰਾਂ ਤੇ ਫਾਰਮਾਸਿਸਟਾਂ ਨੇ ਮੋਹਤਾ ਵਾਰਡ ਦੇ ਅੱਗੇ ਧਰਨਾ ਲਗਾ ਕੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ। ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਅਮਿਤਾ ਚੌਧਰੀ ਨੇ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦੇ ਕੇ ਧਰਨਾ ਉਠਵਾ ਦਿੱਤਾ ਹੈ।
ਈਐੱਸਆਈ ਦੇ ਫਾਰਮਾਸਿਸਟ ਰਾਜਿੰਦਰ ਕਾਲੜਾ ਅਤੇ ਨਰਾਇਣ ਰਾਮ ਨੇ ਦੱਸਿਆ ਕਿ ਮੋਹਤਾ ਵਾਰਡ ਵਿੱਚ ਟੀ. ਬੀ ਵਾਰਡ ਅਤੇ ਈਐੱਸਆਈ ਡਿਸਪੈਂਸਰੀ ਚੱਲ ਰਹੀ ਹੈ ਪਰ ਬੀਤੇ ਕਈ ਮਹੀਨੀਆਂ ਤੋਂ ਉੱਥੇ ਪਾਣੀ ਦੀ ਮੋਟਰ ਖ਼ਰਾਬ ਪਈ ਹੈ। ਟਾਇਲਟ ਵਿੱਚ ਸਫਾਈ ਨਹੀਂ ਹੋ ਰਹੀ ਅਤੇ ਪੱਖੇ, ਕੂਲਰ, ਏਸੀ, ਫਰਿੱਜ ਆਦਿ ਸਭ ਖ਼ਰਾਬ ਪਏ ਹਨ ਜਿਸ ਕਾਰਨ ਉਨ੍ਹਾਂ ਨੂੰ ਇੱਥੇ ਬੈਠਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਫਰਿੱਜ ਖ਼ਰਾਬ ਹੋਣ ਕਾਰਨ ਦਵਾਇਆ ਵੀ ਖ਼ਰਾਬ ਹੋ ਰਹੀਆ ਹਨ। ਬਿਜਲੀ ਅਤੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਫਾਰਮਾਸਿਸਟ ਮਰੀਜਾਂ ਦੇ ਖੂਨ ਦੀ ਜਾਂਚ ਨਹੀਂ ਕਰ ਪਾ ਰਹੇ। ਜਿਸ ਕਾਰਨ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਰੇਟਾਂ 'ਤੇ ਟੈਸਟ ਕਰਵਾਉਣੇ ਪੈ ਰਹੇ ਹਨ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਤੋਂ ਮੋਹਤਾ ਵਾਰਡ ਵਿੱਚ ਮੁੱਢਲੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ।