ਫ਼ਾਜ਼ਿਲਕਾ: ਅਬੋਹਰ ਨਗਰ ਨਿਗਮ ਚੋਣਾਂ ਲਈ 205 ਉਮੀਦਵਾਰਾਂ ਨੇ ਕਮਰ ਕੱਸ ਲਈ ਹੈ। ਚੋਣ ਮੈਦਾਨ ਵਿੱਚ ਡਟੇ ਸਾਕੇ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੱਸਦਈਏ ਕਿ ਅਬੋਹਰ ਨਗਰ ਕੌਂਸਲ ਨੂੰ ਸਾਲ 2019 'ਚ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼ਹਿਰ ਦੇ 33 ਵਾਰਡਾਂ ਨੂੰ ਵਧਾ ਕੇ 50 ਵਾਰਡ ਬਣਾ ਦਿੱਤੇ ਗਏ ਹਨ।
ਕੁੱਲ ਉਮੀਦਵਾਰ
ਇਨ੍ਹਾਂ ਵਾਰਡਾਂ ਵਿੱਚ ਕਾਂਗਰਸ ਅਤੇ ਭਾਜਪਾ ਵੱਲੋਂ 50-50 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 47 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ 36 ਉਮੀਦਵਾਰ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 1 ਉਮੀਦਵਾਰ ਚੋਣ ਲੜ ਰਿਹਾ ਹੈ ਜਦਕਿ 21 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਅਬੋਹਰ ਸ਼ਹਿਰ ਦੇ ਵੋਟਰਾਂ ਦੀ ਗਿਣਤੀ 1,00,894 ਹੈ ਜਿਨ੍ਹਾਂ ਵਿੱਚੋਂ 54,104 ਆਦਮੀ ਅਤੇ 46,788 ਔਰਤਾਂ ਹਨ ਅਤੇ ਦੋ ਲੋਕ ਥਰਡ ਜੈਂਡਰ ਹਨ। ਜਿਨ੍ਹਾਂ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਜਾਵੇਗੀ।
ਲੋਕਾਂ ਦੀਆਂ ਸਮੱਸਿਆਵਾਂ
ਅਬੋਹਰ ਸ਼ਹਿਰ ਦੇ ਇਲਾਕੇ ਜੰਮੂ ਬਸਤੀ ਨਾਨਕ ਨਗਰੀ ਨਈ ਅਬਾਦੀ ਅਤੇ ਅਨਾਜ ਮੰਡੀ ਸਮੇਤ ਸ਼ਹਿਰ ਦੇ ਕਈ ਇਲਾਕੇ ਅਤੇ ਵਾਰਡ ਹਨ ਜਿਨ੍ਹਾਂ ਵਿੱਚ ਗਲੀਆਂ ਅਤੇ ਸੜਕਾਂ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ। ਨਾਲ ਹੀ ਸੀਵਰੇਜ ਓਵਰਫਲੋਅ ਦੀ ਸਮੱਸਿਆ ਅਤੇ ਸਾਫ ਸਫਾਈ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੋ ਉਮੀਦਵਾਰ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਕਰਵਾਏਗਾ ਉਸੇ ਦੇ ਹੱਕ ਵਿੱਚ ਵੋਟ ਪਾਈ ਜਾਏਗੀ।
ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਅਵਾ
ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀ 14 ਫਰਵਰੀ ਨੂੰ ਅਬੋਹਰ ਦੀ ਜਨਤਾ ਕਿਸ ਪਾਰਟੀ ਨੂੰ ਬਹੁਮਤ ਦੇ ਕੇ ਜਿਤਾਉਂਦੀ ਹੈ ਅਤੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਕਿਸ ਪਾਰਟੀ ਵੱਲੋਂ ਅਬੋਹਰ ਦੇ ਵਿਚ ਬੋਰਡ ਬਣਾਇਆ ਜਾਏਗਾ।