ਫ਼ਤਿਹਗੜ੍ਹ ਸਾਹਿਬ: ਖਮਾਣੋਂ ਦੀ ਸਬ-ਡਵਿਜ਼ਨ ਭੜੀ ਵਿਖੇ ਪਾਵਰਕਾਮ ਦੇ ਇੱਕ ਜੇ.ਈ ਨੂੰ ਸੇਵਾਮੁਕਤੀ ਤੋਂ ਕਰੀਬ ਇੱਕ ਮਹੀਨਾ ਪਹਿਲਾਂ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਹੈ। ਵਿਜੀਲੈਂਸ ਫ਼ਤਿਹਗੜ੍ਹ ਸਾਹਿਬ ਦੀ ਟੀਮ ਨੇ ਜੇ.ਈ ਪਵਿੱਤਰ ਸਿੰਘ ਅਤੇ ਠੇਕੇ ਉੱਤੇ ਭਰਤੀ ਉਸ ਦੇ ਸਾਥੀ ਗੁਰਮੇਲ ਸਿੰਘ ਵਾਸੀ ਕਾਲੇਵਾਲ ਨੂੰ ਵੀ ਗ੍ਰਿਫ਼ਤਾਰ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਕਾਇਤਕਰਤਾ ਸਪਿੰਦਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਜੇ.ਈ ਪਵਿੱਤਰ ਸਿੰਘ ਨੇ ਉਨ੍ਹਾਂ ਨੂੰ ਬਿਜਲੀ ਚੋਰੀ ਦੇ ਝੂਠੇ ਕੇਸ ਵਿੱਚ ਫਸਾਉਣ ਦਾ ਡਰਾਵਾ ਦੇ ਕੇ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਲਾਇਨਮੈਨ ਗੁਰਮੇਲ ਸਿੰਘ ਰਾਹੀਂ ਸੌਦਾ 10 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। ਇਸ ਦੀ ਪਹਿਲੀ ਕਿਸ਼ਤ ਪੰਜ ਹਜ਼ਾਰ ਰੁਪਏ ਗੁਰਮੇਲ ਸਿੰਘ ਨੂੰ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਵੀ ਜੇ.ਈ ਨੂੰ ਉਨ੍ਹਾਂ ਨੂੰ ਧਮਕਾਉਣਾ ਅਤੇ ਅਸਿੱਧੇ ਤੌਰ ਉੱਤੇ ਚਾਹ-ਪਾਣੀ ਦੀ ਸੇਵਾ ਕਰਨ ਦੇ ਲਈ ਕਿਹਾ।
ਤੁਹਾਨੂੰ ਦੱਸ ਦਈਏ ਕਿ ਗੁਰਮੇਲ ਸਿੰਘ ਨੂੰ ਫੜਨ ਮਗਰੋਂ ਵਿਜੀਲੈਂਸ ਦੀ ਟੀਮ ਨੇ ਜੇ.ਈ ਦਾ ਪਿੱਛਾ ਕਰ ਉਸ ਨੂੰ ਮੰਡੀ ਗੋਬਿੰਦਗੜ੍ਹ ਤੋਂ ਕਾਬੂ ਕੀਤਾ।
ਪਾਵਰਕਾਮ ਦੇ ਫੜੇ ਗਏ ਜੇ.ਈ ਪਵਿੱਤਰ ਸਿੰਘ ਨੇ ਕਿਹਾ ਕਿ ਸਪਿੰਦਰ ਸਿੰਘ ਦਾ ਪਰਿਵਾਰ ਗੁਆਂਢੀਆਂ ਦੇ ਮੀਟਰ ਤੋਂ ਬਿਜਲੀ ਚੋਰੀ ਕਰਦਾ ਸੀ, ਜੋ ਕਿ ਆਪ ਤਾਂ ਵਿਦੇਸ਼ ਵਿੱਚ ਰਹਿੰਦਾ ਹੈ। ਜਿਸ ਕਰ ਕੇ ਉਨ੍ਹਾਂ ਨੇ ਪਰਿਵਾਰ ਵਿਰੁੱਧ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਦਾ ਮੀਟਰ ਲਾਹ ਲਿਆ ਹੈ।
ਉਥੇ ਹੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਨੂੰ ਬਿਜਲੀ ਬਿਲ ਦੀਆਂ ਕਿਸ਼ਤਾਂ ਦੀ ਰਕਮ ਦੇਣ ਦੇ ਲਈ ਕਿਹਾ ਸੀ ਨਾ ਕਿ ਰਿਸ਼ਵਤ ਦੇਣ ਦੇ ਲਈ।