ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬ ਦਾ ਪਹਿਲਾ 'ਬਾਲ ਮਿੱਤਰ ਪੁਲਿਸ ਸਟੇਸ਼ਨ' ਖੋਲ੍ਹਿਆ ਗਿਆ। ਇਸ ਮੌਕੇ ਏਡੀਜੀਪੀ ਗੁਰਪ੍ਰੀਤ ਦਿਓ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ 'ਬਾਲ ਮਿੱਤਰ ਪੁਲਿਸ ਸਟੇਸ਼ਨ' ਬਣਾਉਣ ਦਾ ਮਕਸਦ ਬੱਚਿਆਂ ਦੇ ਅੰਦਰੋਂ ਪੁਲਿਸ ਪ੍ਰਤੀ ਝਿਜਕ ਨੂੰ ਦੂਰ ਕਰਨਾ ਹੈ ਅਤੇ ਇੱਕ ਸੁਖਾਵੇਂ ਮਾਹੌਲ 'ਚ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੈ।
ਉਨ੍ਹਾਂ ਕਿਹਾ ਕਿ ਇੱਥੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਬੱਚਾ ਆਪਣੇ ਨਾਲ ਹੋਈ ਵਧੀਕੀ ਜਾਂ ਦੁੱਖ ਤਕਲੀਫ਼ ਬਿਨਾਂ ਕਿਸੇ ਸਹਿਮ ਤੋਂ ਦੱਸ ਸਕਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨੂੰ 'ਬਚਪਨ ਬਚਾਓ ਅੰਦੋਲਨ' ਤਹਿਤ ਤਿਆਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਬੱਚਿਆਂ ਲਈ ਪੜ੍ਹਾਈ ਦਾ, ਖੇਡਾਂ ਅਤੇ ਹੋਰ ਵੀ ਕਈ ਪ੍ਰਬੰਧਾਂ ਦਾ ਧਿਆਨ ਰੱਖਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਪੁਲਿਸ ਸਟੇਸ਼ਨ ਬੱਚਿਆਂ ਲਈ 2 ਸ਼੍ਰੇਣੀਆਂ, ਚਿਲਡਰਨ ਕਨਫਲਿਕਟ ਵਿਦ ਲਾਅ ਅਤੇ ਚਿਲਡਰਨ ਨੀਡ ਕੇਅਰ ਐਂਡ ਪ੍ਰੋਟੈਕਸ਼ਨ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿੱਚ ਅਪਰਾਧਾਂ ਨਾਲ ਸਬੰਧਿਤ ਬੱਚੇ ਸ਼ਾਮਲ ਕੀਤੇ ਜਾਣਗੇ ਤੇ ਦੂਜੀ ਸ਼੍ਰੇਣੀ ਵਿੱਚ ਬਾਲ ਮਜ਼ਦੂਰੀ, ਬਾਲ ਵਿਆਹ, ਬੱਚਿਆਂ ਨਾਲ ਹਿੰਸਾ ਆਦਿ ਸਬੰਧੀ ਬੱਚੇ ਸ਼ਾਮਲ ਕੀਤੇ ਜਾਣਗੇ।
ਇਸ ਪੁਲਿਸ ਸਟੇਸ਼ਨ ਦਿਵਿਆਂਗ ਬੱਚਿਆਂ ਲਈ ਵੀ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ 'ਬਾਲ ਮਿੱਤਰ ਪੁਲਿਸ ਸਟੇਸ਼ਨ' ਸਰਕਾਰ ਦਾ ਅਹਿਮ ਉਪਰਾਲਾ ਹੈ, ਜਿਸ ਦੇ ਸਦਕੇ ਬੱਚਿਆਂ ਨੂੰ ਸੁਖਾਵੇਂ ਮਾਹੌਲ 'ਚ ਢੁਕਵਾਂ ਤੇ ਸਮਾਂਬੱਧ ਇਨਸਾਫ਼ ਦਿਵਾਉਣ ਵਿੱਚ ਮਦਦ ਮਿਲੇਗੀ।