ਸ੍ਰੀ ਫਤਿਹਗੜ੍ਹ ਸਾਹਿਬ: ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਨਿੱਤਰ ਆਈਆਂ ਹਨ। ਪੰਜਾਬ ਕਾਂਗਰਸ ਵੱਲੋਂ ਸੂਬੇ ਭਰ ਵਿੱਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਉਮੀਦਵਾਰਾਂ ਦੀ ਘੋਸ਼ਣਾ ਵੀ ਕੀਤੀ ਜਾ ਰਹੀ ਹੈ। ਇਸਦੇ ਚੱਲਦੇ ਹੀ ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਲਕਾ ਬੱਸੀ ਪਠਾਣਾ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ਸਮਰਥਨ ਵਿੱਚ ਆਜੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ ਗਿਆ।
ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਾਸ ਤੌਰ ਉੱਤੇ ਪਹੁੰਚੇ ਸਨ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਹਲਕਾ ਬੱਸੀ ਪਠਾਣਾ ਤੋਂ ਕਾਂਗਰਸ ਦਾ ਜੇਕਰ ਕੋਈ ਉਂਮੀਦਵਾਰ ਹੋਵੇਗਾ ਤਾਂ ਸਿਰਫ ਅਤੇ ਸਿਰਫ ਗੁਰਪ੍ਰੀਤ ਸਿੰਘ ਜੀਪੀ ਹੋਵੇਗਾ ਅਤੇ ਕਿਸੇ ਦੇ ਭੈਣ ਭਰਾ ਦਾ ਇੱਥੇ ਕੋਈ ਕੰਮ ਨਹੀਂ।
ਦੱਸ ਦਈਏ ਕਿ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਵੀ ਬੱਸੀ ਪਠਾਣਾ ਤੋਂ ਟਿਕਟ ਲਈ ਦਾਅਵੇਦਾਰੀ ਦਾ ਦਾਅਵਾ ਪੇਸ਼ ਕਰ ਚੁੱਕੇ ਹਨ ਜਿਸਦੇ ਬਾਅਦ ਨਵਜੋਤ ਸਿੰਘ ਸਿੱਧੂ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਉੱਤਰ ਗਏ ਅਤੇ ਛਾਤੀ ਠੋਕ ਗੁਰਪ੍ਰੀਤ ਜੀਪੀ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਰਹਿਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿੰਨ੍ਹੇ ਵੀ ਇੱਥੇ ਆਕੇ ਚੋਣ ਲੜਨਾ ਹੈ ਤਾਂ ਲੜੇ ਜੇਕਰ ਗੁਰਪ੍ਰੀਤ ਜੀਪੀ ਹੈ ਤਾਂ ਨਵਜੋਤ ਸਿੰਘ ਸਿੱਧੂ ਹੈ ਨਹੀਂ ਤਾਂ ਨਹੀਂ ਹੈ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਅਤੇ ਬਲਾਸਟ ਘਟਨਾਵਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਲੈ ਕੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਅਤੇ ਦਹਿਸ਼ਤ ਫੈਲਾਉਣ ਦੇ ਲਈ ਕੀਤਾ ਜਾ ਰਿਹਾ ਹੈ। ਸਿੱਧੂ ਨੇ ਕਿਹਾ ਕਿ ਅਜਿਹੇ ਮਨਸੂਬਿਆਂ ਨੂੰ ਕਾਮਯਾਬ ਹੋਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਹੈ, ਇੱਕ ਸੀ ਅਤੇ ਇੱਕ ਹੀ ਰਹੇਗਾ।
ਇਹ ਵੀ ਪੜ੍ਹੋ: CHANDIGARH MUNICIPAL CORPORATION ELECTION: ਨਿਗਮ ਚੋਣਾਂ ਲਈ ਵੋਟਿੰਗ, 216 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ