ਫਰੀਦਕੋਟ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਫਰੀਦਕੋਟ ਜਿਲ੍ਹੇ ਦੇ ਆਲ੍ਹਾ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਉਹਨਾਂ ਲੋਕ ਸਭਾ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਨ ਲਈ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਜਿਥੇ ਉਹਨਾਂ ਪੁਲਿਸ ਅਧਿਕਾਰੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਉਥੇ ਹੀ ਜਿਲ੍ਹਾ ਪੁਲਿਸ ਵਲੋਂ ਤਿਆਰ ਕੀਤੀ ਗਈ ਵਿਸ਼ੇਸ਼ ਸਰਵੀਲੈਂਸ ਵੈਨ ਦਾ ਨਿਰੀਖਣ ਕੀਤਾ।
ਪੰਜਾਬ ਅੰਦਰ ਨਸ਼ਿਆਂ ਨੂੰ ਠੱਲ ਪਾਉਣ ਦੇ ਵਾਦਿਆਂ ਅਤੇ MLA ਸਿਮਰਜੀਤ ਸਿੰਘ ਬੈੰਸ ਵਲੋਂ ਲਾਈਵ ਹੋ ਕੇ ਨਸ਼ਾ ਖਰੀਦਣ ਦੇ ਮਾਮਲੇ ਤੇ ਕੀਤੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਕੋਈ ਵੀ ਨਸ਼ੇ ਨੂੰ ਪੂਰਨ ਤੌਰ ਤੇ ਖਤਮ ਨਹੀਂ ਕਰ ਸਕਦਾ,ਨਸ਼ਾ ਬਾਹਰਲੇ ਦੇਸ਼ਾਂ ਵਿਚ ਵੀ ਪੂਰਨ ਖਤਮ ਨਹੀਂ ਹੋਇਆ।ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਦੇ 124 ਅਜਿਹੇ ਥਾਣਿਆਂ ਦੀ ਪਹਿਚਾਣ ਕੀਤੀ ਹੈ ਜਿਨਾਂ ਦੀ ਹਦੂਦ ਅੰਦਰ ਜਿਆਦਾ ਨਸ਼ਾ ਵਿਕਦਾ ਹੈ।ਉਹਨਾਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਜਲਦ ਹੀ ਨਸ਼ੇ ਨੂੰ ਠੱਲ ਪਾਈ ਜਾਵੇਗੀ।ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ STF ਕੰਮ ਕਰ ਰਹੀ ਹੈ।
ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਵਿਚ ਜਖਮੀਂ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਇਸ ਮਾਮਲੇ ਵਿਚ ਉਲਝੇ ਪੁਲਿਸ ਅਧਿਕਾਰੀਆਂ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ SIT ਵਲੋਂ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ।