ਫਰੀਦਕੋਟ: ਲੰਘੇ ਦਿਨੀਂ ਇੱਥੋਂ ਦੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਗੌਲੇਵਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਦਾ 2 ਅਣਪਛਾਤੇ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਜਿਥੇ ਪੂਰੇ ਸ਼ਹਿਰ ਅੰਦਰ ਸਹਿਮ ਦਾ ਮਹੌਲ ਬਣ ਗਿਆ ਉਥੇ ਹੀ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਅੱਜ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਗੁਰਲਾਲ ਸਿੰਘ ਭੁੱਲਰ ਦੀ ਕਤਲ ਦੀ ਜਿੰਮ੍ਹੇਵਾਰੀ ਜੇਲ੍ਹ ਵਿੱਚ ਕੈਦ ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਨੇ ਲਈ ਹੈ। ਗੈਂਗਸਟਰ ਲਾਰੇਂਸ ਬਿਸ਼ਨੋਈ ਗਰੁੱਪ ਨੇ ਇਹ ਜਿੰਮੇਵਾਰੀ ਫੇਸ ਬੁੱਕ ਪੇਜ 'ਤੇ ਗੁਰਲਾਲ ਸਿੰਘ ਭੁੱਲਰ ਦੀ ਜ਼ਖ਼ਮੀਂ ਹਾਲਤ ਵਿੱਚ ਫੋਟੋ ਸ਼ੇਅਰ ਕਰਕੇ ਲਈ ਹੈ।
ਗੈਂਗਸਟਰ ਗਰੁੱਪ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਗੁਰਲਾਲ ਭੁੱਲਰ ਨੂੰ ਉਨ੍ਹਾਂ ਕਈ ਵਾਰ ਸਮਝਾਇਆ ਕਿ ਉਹ ਹੋਰ ਪਾਰਟੀਆਂ ਨਾਲ ਮਿਲ ਕੇ ਉਨ੍ਹਾਂ ਬਿਸ਼ਨੋਈ ਗਰੁੱਪ ਦੇ ਖ਼ਿਲਾਫ਼ ਕੰਮ ਨਾ ਕਰੇ ਪਰ ਉਹ ਸਮਝਿਆ ਨਹੀਂ। ਉਨ੍ਹਾਂ ਨੇ ਨਾਲ ਹੀ ਕੁਝ ਸਮਾਂ ਪਹਿਲਾਂ ਮੁਹਾਲੀ ਵਿਖੇ ਮਾਰੇ ਗਏ ਕੋਟਕਪੂਰਾ ਦੇ ਨਾਲ ਲਗਦੇ ਪਿੰਡ ਬੁਰਜ ਹਰੀ ਸਿੰਘ ਵਾਲਾ ਦੇ ਗੁਰਲਾਲ ਬਰਾੜ ਦਾ ਜ਼ਿਕਰ ਵੀ ਕੀਤਾ ਕਿ ਉਸ ਨੂੰ ਮਾਰਿਆ ਗਿਆ ਸੀ ਜਦੋਂਕਿ ਉਸ ਦਾ ਕੋਈ ਕਸੂਰ ਨਹੀਂ ਸੀ ਅਤੇ ਨਾ ਹੀ ਉਹ ਕਦੇ ਕਿਸੇ ਨਾਲ ਲੜਿਆ ਸੀ। ਉਨ੍ਹਾਂ ਇੱਕ ਤਰ੍ਹਾਂ ਗੁਰਲਾਲ ਸਿੰਘ ਭੁੱਲਰ ਦੀ ਮੌਤ ਨੂੰ ਗੁਰਲਾਲ ਬਰਾੜ ਦੇ ਕਤਲ ਦੇ ਬਦਲੇ ਵਜੋਂ ਦਰਸਾਇਆ ਗਿਆ ਹੈ ਅਤੇ ਨਾਲ ਹੀ ਇਕ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਗੁਰਲਾਲ ਬਰਾੜ ਦਾ ਬਦਲਾ ਪੁਰਾ ਨਹੀਂ ਹੋ ਜਾਂਦਾ ਤਦੋਂ ਤੱਕ ਉਹ ਨਾ ਜਿਉਣਗੇ ਨਾ ਜਿਉਣ ਦੇਣਗੇ।
ਬੀਤੇ ਦਿਨੀਂ ਸ਼ਰੇਆਮ ਹੋਏ ਕਤਲ ਉੱਤੇ ਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਪੌਣੇ ਕੁ ਪੰਜ ਵਜੇ ਕੁਝ ਅਣਪਛਾਤੇ ਨੌਜਵਾਨਾਂ ਨੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਨੂੰ ਉਸ ਸਮੇਂ ਗੋਲੀਆ ਮਾਰ ਕੇ ਮਾਰ ਦਿੱਤਾ ਜਦ ਉਹ ਆਪਣੇ ਕਿਸੇ ਦੋਸਤ ਦੀ ਦੁਕਾਨ ਵਿੱਚੋਂ ਬਾਹਰ ਆ ਕੇ ਆਪਣੀ ਗੱਡੀ ਵਿੱਚ ਬੈਠਣ ਲੱਗਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ਉੱਤੇ 12/13 ਖਾਲੀ ਕਾਰਤੂਸ ਮਿਲੇ ਹਨ ਜਿੰਨਾਂ ਤੋਂ ਪਤਾ ਚੱਲਦਾ ਹੈ ਕਿ 12/13 ਰਾਉਂਡ ਫਾਇਰ ਹੋਏ ਹਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਤਲ ਦੇ ਕਾਰਨਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ।
ਇਸ ਕਤਲ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਡੀਜੀਪੀ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ ਕਿ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਅਤੇ ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਕਾਬੂ ਕਰਨ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।