ਫਰੀਦਕੋਟ: ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਪੈਸ਼ਲ ਜਾਂਚ ਟੀਮ ਵੱਲੋਂ ਨਾਮਜ਼ਦ ਕੀਤੇ ਗਏ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇੱਕ ਵਾਰ ਫਿਰ ਤੋਂ ਫ਼ਰੀਦਕੋਟ ਅਦਾਲਤ ਵੱਲੋਂ ਝਟਕਾ ਮਿਲਿਆ ਹੈ। ਦਰਅਸਲ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਅਗਾਉਂ ਜਮਾਨਤ ਦਾਇਰ ਕੀਤੀ ਸੀ ਜਿਸਨੂੰ ਸੇਸ਼ਨ ਕੋਰਟ ਫਰੀਦਕੋਟ ਨੇ ਰੱਦ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿੱਚ ਵੀ ਆਪਣੀ ਅਗਾਉਂ ਜ਼ਮਾਨਤ ਅਰਜੀ ਫਰੀਦਕੋਟ ਅਦਾਲਤ ਵਿੱਚ ਦਾਇਰ ਕੀਤੀ ਸੀ ਇਸ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤੀ ਸੀ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੈਣੀ ਦੀ ਅਗਾਉਂ ਜਮਾਨਤ ਅਰਜ਼ੀ ਮਨਜੂਰ ਕਰ ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਰਾਹਤ ਦਿੱਤੀ ਸੀ।
ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਢਾਹਿਆ ਗਿਆ ਸੀ ਤਸ਼ੱਦਦ
ਇਸ ਮਾਮਲੇ ’ਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਟਾਰਨੀ ਰਜਨੀਸ਼ ਗੋਇਲ ਨੇ ਦੱਸਿਆ ਕਿ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਰੋਸ ਵਿੱਚ ਕੋਟਕਪੂਰਾ ਦੇ ਮੁੱਖ ਚੋਂਕ ਵਿੱਚ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਕਥਿਤ ਤਸ਼ੱਦਦ ਕੀਤਾ ਗਿਆ ਸੀ। ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਿਸ਼ ਉੱਤੇ ਮਾਮਲਾ ਦਰਜ ਕਰ ਕਈ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜੋ: ਪਟਿਆਲਾ ਕੇਂਦਰੀ ਜੇਲ੍ਹ 'ਚ ਕੈਦੀ ਨਾਲ ਅਣਮਨੁੱਖੀ ਅੱਤਿਆਚਾਰ ਦਾ ਮਾਮਲਾ ਹਾਈਕੋਰਟ ਪੁੱਜਾ
ਪਟੀਸ਼ਨ ਤੇ ਦੋਹਾਂ ਪੱਖਾਂ ਦੀ ਹੋਈ ਸੀ ਬਹਿਸ
ਮਾਮਲੇ ਵਿੱਚ ਜਾਂਚ ਕਰ ਰਹੀ SIT ਵਲੋਂ ਸਾਬਕਾ ਡੀਜੀਪੀ ਪੰਜਾਬ ਸੁਮੇਧ ਸਿੰਘ ਸੈਣੀ ਦੀ ਭੂਮਿਕਾ ਸਬੰਧੀ ਜਾਂਚ ਕਰ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਸੁਮੇਧ ਸੈਣੀ ਵੱਲੋਂ ਅਦਾਲਤ ਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਸਾਬਕਾ ਡੀਜੀਪੀ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਚ ਅਗਾਉਂ ਜਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਤੇ ਦੋਹਾਂ ਪੱਖ ਵੱਲੋਂ ਬਹਿਸ ਹੋਈ। ਇਸ ਬਹਿਸ ਤੋਂ ਬਾਅਦ ਅਦਾਲਤ ਨੇ ਅਗਾਉਂ ਜਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।