ਚੰਡੀਗੜ੍ਹ: ਰੋਜ਼ ਫੈਸਟੀਵਲ ਵਿੱਚ 800 ਤੋਂ ਜ਼ਿਆਦਾ ਗੁਲਾਬ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਅਨੁਸਾਰ ਇਸ ਸਾਲ ਰੋਜ਼ ਫੈਸਟੀਵਲ 'ਤੇ 2.19 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਸਾਲ ਲਾਈਟ ਅਤੇ ਸਾਊਂਡ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਜਿਸ 'ਤੇ 1.40 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਖੁਦ ਫੈਸਟੀਵਲ ਦਾ ਆਗਾਜ਼ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਕਿਰਨ ਖੇਰ ਵੀ ਪਹੁੰਚੇ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਹਨ ਅਤੇ ਰੋਜ਼ ਗਾਰਡਨ ਨੇੜੇ ਟਰੈਫਿਕ ਨੂੰ ਵੀ ਡਾਇਵਰਟ ਕੀਤਾ ਗਿਆ ਹੈ। ਫੈਸਟੀਵਲ ਦੇ ਵਿਚ ਖਿੱਚ ਦਾ ਕੇਂਦਰ ਬਣੇ ਗੁਲਾਬਾਂ ਦੀ ਮਹਿਕ ਸਭ ਨੂੰ ਮੋਹ ਰਹੀ ਹੈ।
ਵੰਨ-ਸੁਵੰਨੇ ਰੰਗਾਂ ਦੇ ਗੁਲਾਬ: ਪ੍ਰਦਰਸ਼ਨੀ ਦੇ ਵਿਚ ਸਾਰਾ ਗਾਰਡਨ ਗੁਲਾਬ ਦੇ ਫੁੱਲਾਂ ਨਾਲ ਸੱਜਿਆ ਹੋਇਆ ਹੈ। ਕਈ ਕਿਸਮਾਂ ਦੇ ਗੁਲਾਬ ਲੋਕਾਂ ਲਈ ਆਪਣੀ ਰਸ ਭਿੰਨੀ ਮਹਿਕ ਬਿਖੇਰ ਰਹੇ ਹਨ। ਫੁੱਲਾਂ ਦੀ ਪ੍ਰਦਰਸ਼ਨੀ ਨੂੰ ਵੇਖ ਕੇ ਸਭ ਨੂੰ ਖੁਸ਼ੀ ਮਹਿਸੂਸ ਹੋ ਰਹੀ। ਸਭ ਦੇ ਚਿਹਰੇ ਖੁਸ਼ੀ ਨਾਲ ਫੁੱਲਾਂ ਵਾਂਗੂ ਖਿੜ ਰਹੇ ਹਨ। ਗੁਲਾਬ ਦੇ ਫੁੱਲਾਂ ਦੀਆਂ ਕੁਝ ਕਿਸਮਾਂ ਵਿਦੇਸ਼ਾਂ ਤੋਂ ਵੀ ਮੰਗਵਾਈਆਂ ਗਈਆਂ ਹਨ।
ਟ੍ਰੈਫਿਕ ਦੇ ਵੀ ਕੀਤੇ ਗਏ ਪ੍ਰਬੰਧ: ਟ੍ਰੈਫਿਕ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਫੈਸਟੀਵਲ ਵਿਚ ਆਉਣ ਵਾਲੇ ਲੋਕਾਂ ਨੂੰ ਨਿਰਧਾਰਿਤ ਪਾਰਕਿੰਗ ਵਿਚ ਹੀ ਵਾਹਨ ਖੜੇ ਕਰਨ ਦੀ ਹਦਾਇਦ ਦਿੱਤੀ ਗਈ ਹੈ। ਜੇਕਰ ਕੋਈ ਵਿਅਕਤੀ ਨੋ ਪਾਰਕਿੰਗ ਜ਼ੋਨ, ਸਾਈਕਲ ਟਰੈਕ ਜਾਂ ਪੈਦਲ ਚੱਲਣ ਵਾਲੇ ਰਸਤੇ 'ਤੇ ਆਪਣਾ ਵਾਹਨ ਖੜ੍ਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਾਹਨਾਂ ਨੂੰ ਚਲਾਨ ਦੇ ਨਾਲ-ਨਾਲ ਪੁਲਿਸ ਆਪਣੇ ਕਬਜ਼ੇ ਵਿਚ ਲੈ ਲਵੇਗੀ। ਇਸ ਦੇ ਨਾਲ ਹੀ 1073 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।
ਇਸ ਤਰ੍ਹਾਂ ਰਹਿਣਗੇ ਪ੍ਰੋਗਰਾਮ: 18 ਫਰਵਰੀ ਨੂੰ ਪੰਜਾਬੀ ਮਿਊਜ਼ੀਕਲ ਨਾਈਟ 'ਚ ਲੋਕ ਗਾਇਕ ਮਨਿੰਦਰ ਭੁੱਟਰ ਦੇ ਗੀਤਾਂ 'ਤੇ ਨੱਚਣਗੇ। ਇਸ ਤੋਂ ਇਲਾਵਾ ਨੰਦਿਤਾ ਪੁਰੀ ਐਂਡ ਗਰੁੱਪ ਵੱਲੋਂ 17 ਫਰਵਰੀ ਨੂੰ ਲਾਈਵ ਕਥਕ ਡਾਂਸ ਪੇਸ਼ ਕੀਤਾ ਜਾਵੇਗਾ। ਇਹ ਸਾਰੇ ਪ੍ਰਦਰਸ਼ਨ ਸ਼ਾਮ 6 ਵਜੇ ਸ਼ੁਰੂ ਹੋਣਗੇ ਅਤੇ ਸਾਰਿਆਂ ਲਈ ਦਾਖਲਾ ਮੁਫਤ ਹੈ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਲਈ ਨਗਰ ਨਿਗਮ ਵੱਲੋਂ ਐਂਟਰੀ ਮੰਗੀ ਜਾਵੇਗੀ। ਤਿਉਹਾਰ ਦੌਰਾਨ ਫੋਟੋਗ੍ਰਾਫੀ ਮੁਕਾਬਲਾ ਵੀ ਕਰਵਾਇਆ ਜਾ ਸਕਦਾ ਹੈ। ਇਸ ਵਾਰ ਨਗਰ ਨਿਗਮ ਦੇ ਕਰਮਚਾਰੀ ਵੀ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਪ੍ਰੋਗਰਾਮ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ:- Demand For Arrest of Amritpal Singh: ਅੰਮ੍ਰਿਤਪਾਲ ਸਿੰਘ ਨੇ ਅਗਲੀ ਰਣਨੀਤੀ ਲਈ ਕੀਤਾ ਭਾਰੀ ਇਕੱਠ, ਹੋ ਸਕਦਾ ਵੱਡਾ ਫੈਸਲਾ!