ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੋਰੋਨਾ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਵਿਰੁੱਧ ਅਮਰਿੰਦਰ ਸਿੰਘ ਸਰਕਾਰ ਦਾ 'ਮਿਸ਼ਨ ਫ਼ਤਿਹ' ਪੂਰੀ ਤਰਾਂ ਫਲਾਪ ਸਾਬਤ ਹੋਇਆ ਹੈ, ਜਿਸ ਦੀ ਪੁਸ਼ਟੀ ਮੁੱਖ ਮੰਤਰੀ ਨੇ ਇਹ ਭਵਿੱਖਬਾਣੀ ਕਰਦਿਆਂ ਖ਼ੁਦ ਹੀ ਕਰ ਦਿੱਤੀ ਕਿ ਸਤੰਬਰ 'ਚ ਕੋਰੋਨਾ ਦੇ ਕੇਸ ਇੱਕ ਲੱਖ ਦਾ ਅੰਕੜਾ ਪਾਰ ਕਰ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਸਰਕਾਰ ਨੇ ਕੋਰੋਨਾ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਸੜਕਾਂ ਅਤੇ ਚੌਂਕਾਂ-ਚੌਰਾਹਿਆਂ ਉੱਪਰ 'ਮਿਸ਼ਨ ਫ਼ਤਿਹ' ਦੇ ਵੱਡੇ-ਵੱਡੇ ਬੋਰਡ ਅਤੇ ਹੋਰਡਿੰਗਜ਼ ਲਗਾ ਕੇ ਆਪਣੀ ਹੀ ਮਸ਼ਹੂਰੀ 'ਤੇ ਜ਼ੋਰ ਦਿੱਤਾ, ਜਿਸ ਦਾ ਹੁਣ ਪਰਦਾਫਾਸ਼ ਹੋ ਗਿਆ ਹੈ।
ਚੀਮਾ ਨੇ ਕਿਹਾ, ''ਰਾਜਾ ਸਾਹਿਬ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। 'ਮਿਸ਼ਨ ਫ਼ਤਿਹ' ਇੱਕ ਗੁਮਰਾਹਕੁਨ ਨਾਅਰੇ ਤੋਂ ਵੱਧ ਕੁੱਝ ਵੀ ਨਹੀਂ ਨਿਕਲਿਆ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਲੋਕਾਂ ਦੇ ਟੈਕਸ ਦੇ ਜੋ ਕਰੋੜਾਂ ਰੁਪਏ 'ਮਿਸ਼ਨ ਫ਼ਤਿਹ' ਰਾਹੀਂ ਆਪਣੀ ਮਸ਼ਹੂਰੀ 'ਤੇ ਖ਼ਰਚਿਆ ਹੈ, ਉਨ੍ਹਾਂ ਪੈਸਾ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਡਾਕਟਰਾਂ ਅਤੇ ਸਟਾਫ਼ ਦੀ ਕਮੀ ਦੀ ਪੂਰਤੀ, ਦਵਾਈਆਂ, ਆਈਸੀਯੂ ਬੈਂਡਾ, ਵੇਂਟੀਲੇਟਰਾਂ, ਸੁਰੱਖਿਆ ਕਿੱਟਾਂ ਅਤੇ ਹੋਰ ਲੋੜੀਂਦੇ ਸਾਜੋ-ਸਮਾਨ 'ਤੇ ਖ਼ਰਚਿਆ ਹੁੰਦਾ ਤਾਂ ਹਾਲਾਤ ਬਦਤਰ ਹੋਣ ਦੀ ਥਾਂ ਦਿੱਲੀ ਵਾਂਗ ਬਿਹਤਰ ਹੋਏ ਹੁੰਦੇ। ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕੋਰੋਨਾ ਵਿਰੁੱਧ ਹੁਣ ਤੱਕ ਹੋਏ ਖ਼ਰਚਿਆਂ 'ਤੇ ਵਾਈਟ ਪੇਪਰ ਜਾਰੀ ਕਰੇ।