ਚੰਡੀਗੜ: "ਮੀਂਹ ਪਾਇਆ ਪ੍ਰਮੇਸ਼ਰ ਪਾਇਆ ਜੀਅ ਜੰਤ ਸਭ ਸੁਖੀ ਵਸਾਇਆ"। ਗੁਰਬਾਣੀ ਦੇ ਮਹਾਂਵਾਕਾ ਅਨੁਸਾਰ ਮੀਂਹ ਮਨੁੱਖ ਅਤੇ ਜਾਨਵਰਾਂ ਦੋਵਾਂ ਦੀ ਲੋੜ ਹੈ। ਮੀਂਹ ਜਿੱਥੇ ਗਰਮੀ ਤੋਂ ਰਾਹਤ ਦਿੰਦਾ ਹੈ ਉੱਥੇ ਕਿਸਾਨਾਂ ਦੀਆਂ ਫ਼ਸਲਾਂ ਲਈ ਮੀਂਹ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ, ਪਰ ਜਦੋਂ ਮੀਂਹ ਲੋੜ ਤੋਂ ਜ਼ਿਆਦਾ ਹੋ ਜਾਵੇ ਤਾਂ ਇਸ ਤੋਂ ਵੱਡੀ ਕੁਦਰਤੀ ਆਫ਼ਤ ਵੀ ਕੋਈ ਨਹੀਂ। ਇਸੇ ਕੁਦਰਤੀ ਆਫ਼ਤ ਦਾ ਸਾਹਮਣਾ ਪੰਜਾਬ ਸ਼ਨੀਵਾਰ ਤੋਂ ਪੈ ਰਹੇ ਮੀਂਹ ਕਾਰਨ ਕਰ ਰਿਹਾ ਹੈ। ਪੰਜਾਬ 'ਚ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। ਕਈ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹਨ। ਮੀਂਹ ਹੁਣ ਸੁਹਾਵਣੇ ਮੌਸਮ ਦੀ ਥਾਂ ਜੀਅ ਦਾ ਜੰਜਾਲ ਬਣ ਗਿਆ ਹੈ ਕਿਸਾਨਾਂ ਦੀ ਹਜ਼ਾਰਾ ਏਕੜ ਫ਼ਸਲ ਤਬਾਹ ਹੋ ਗਈ ਹੈ। ਪੰਜਾਬ ਦੇ ਪਟਿਆਲਾ, ਲੁਧਿਆਣਾ, ਰੋਪੜ, ਮੁਹਾਲੀ, ਕੁਰਾਲੀ, ਅਨੰਦਪੁਰ ਸਾਹਿਬ, ਜਲੰਧਰ, ਗੜ੍ਹਸ਼ੰਕਰ, ਨਵਾਂ ਸ਼ਹਿਰ, ਸੰਗਰੂਰ ਇਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਜਲਥਲ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 48 ਘੰਟੇ ਖ਼ਤਰਨਾਕ ਦੱਸੇ ਗਏ। ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲ ਕਾਲਜ 13 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਲੋਹੀਆਂ 'ਚ ਵਧਿਆ ਹੜ੍ਹ ਦਾ ਖ਼ਤਰਾ : ਜਲੰਧਰ ਅਧੀਨ ਆਉਂਦੇ ਲੋਹੀਆਂ ਵਿੱਚ ਹੜ੍ਹ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ ਜਿਸ ਨੂੰ ਵੇਖਦਿਆਂ 50 ਪਿੰਡ ਖਾਲੀ ਕਰਵਾ ਲਏ ਗਏ। ਸਾਲ 2019 'ਚ ਆਏ ਹੜ੍ਹ ਦੌਰਾਨ ਵੀ ਲੋਹੀਆਂ ਕਾਫ਼ੀ ਪ੍ਰਭਾਵਿਤ ਹੋਇਆ ਸੀ। ਇਹ ਇਲਾਕਾ ਸਤਲੁਜ ਦਰਿਆ ਦੇ ਨੇੜੇ ਪੈਂਦਾ ਹੈ ਜਿੱਥੇ ਸਥਿਤ ਧੁੱਸੀ ਬੰਨ੍ਹ ਵਿਚ ਦਰਾਰ ਆ ਗਈ ਹੈ। ਸਤਲੁਜ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਜਿਸ ਕਰਕੇ ਹੜ੍ਹ ਦੇ ਖ਼ਤਰੇ ਨੂੰ ਭਾਂਪਦਿਆਂ ਨੇੜੇ ਤੇੜੇ ਦੇ 50 ਪਿੰਡ ਖਾਲੀ ਕਰਵਾ ਲਏ ਗਏ। ਦਰਿਆ ਦੇ ਨੇੜੇ ਹੋਣ ਕਰਕੇ ਇਹ ਇਲਾਕਾ ਪਾਣੀ ਦੀ ਮਾਰ ਝੱਲਦਾ ਹੈ। ਸਾਲ 2019 ਵਿੱਚ ਧੁੱਸੀ ਬੰਨ੍ਹ ਟੁੱਟਣ ਕਾਰਨ ਨੇੜਲੇ ਪਿੰਡ ਬੁਰੀ ਤਰ੍ਹਾਂ ਹੜ੍ਹ ਦੀ ਚਪੇਟ ਵਿਚ ਆਏ। ਇਸ ਦੇ ਨਾਲ ਲੱਗਦੇ ਇਲਾਕੇ ਸ਼ਾਹਕੋਟ ਵਿੱਚ ਵੀ ਖ਼ਤਰਾ ਮੰਡਰਾ ਰਿਹਾ ਹੈ। ਸ਼ਾਹਕੋਟ ਦੇ ਅੱਠ ਸਕੂਲਾਂ ਵਿੱਚ ਰਾਹਤ ਕੇਂਦਰ ਵੀ ਬਣਾਏ ਗਏ ਹਨ। ਇੱਥੇ ਵੀ 50 ਪਿੰਡਾਂ ਨੂੰ ਹੜ੍ਹ ਦਾ ਖ਼ਤਰਾ ਹੈ, ਇਨ੍ਹਾਂ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਅਤੇ ਲੋਕਾਂ ਨੂੰ ਸਕੂਲਾਂ, ਧਾਰਮਿਕ ਸਥਾਨਾਂ ਅਤੇ ਸਰਾਵਾਂ ਵਿੱਚ ਠਹਿਰਾਇਆ ਜਾ ਰਿਹਾ ਹੈ। ਜਾਣਕਾਰੀ ਇਹ ਹੈ ਕਿ ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟ ਗਿਆ ਹੈ।
ਸਤਲੁਜ ਦਰਿਆ 'ਤੇ ਬਣਿਆ ਧੁੱਸੀ ਬੰਨ੍ਹ ਕਈ ਵਾਰ ਟੁੱਟਿਆ: ਜਲੰਧਰ ਜ਼ਿਲ੍ਹੇ ਵਿੱਚ ਬਣਿਆ ਧੁੱਸੀ ਬੰਨ੍ਹ ਇਸ ਤੋਂ ਪਹਿਲਾਂ ਸਾਲ 2019 ਵਿੱਚ ਟੁੱਟਿਆ ਸੀ। ਇਸ ਬੰਨ੍ਹ ਦੇ ਨੇੜੇ ਮਾਈਨਿੰਗ ਦਾ ਕੰਮ ਧੜਾ ਧੜ ਚੱਲ ਰਿਹਾ ਹੈ, ਜਿਸ ਕਰਕੇ 2019 ਵਿਚ ਆਏ ਹੜ੍ਹ ਦਾ ਕਾਰਨ ਮਾਈਨਿੰਗ ਨੂੰ ਮੰਨਿਆ ਗਿਆ ਸੀ। 2008 ਅਤੇ 2009 ਵਿੱਚ ਵੀ ਬੰਨ੍ਹ ਅਤੇ ਦਰਾਰਾਂ ਆਈਆਂ। ਸਾਲ 2015 ਵਿੱਚ ਇਸਦੀ ਰਿਪੇਆਰ ਵੀ ਕਰਵਾਈ ਗਈ ਸੀ ਪਰ ਬਰਸਾਤਾਂ ਦੌਰਾਨ ਇਹ ਬੰਨ੍ਹ ਲੋਕਾਂ ਲਈ ਮੁਸੀਬਤ ਹੀ ਬਣਦਾ ਰਿਹਾ। ਸਾਲ 2010 ਵਿਚ ਵੀ ਧੁੱਸੀ ਬੰਨ੍ਹ ਟੁੱਟਣ ਕਾਰਨ ਜਲੰਧਰ ਦੇ ਕਈ ਪਿੰਡਾਂ ਵਿਚ ਪਾਣੀ ਜਾ ਵੜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਧੁੱਸੀ ਬੰਨ੍ਹ ਵਿਚ ਦੋ ਥਾਵਾਂ 'ਤੇ ਦਰਾਰ ਆਈ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਭਾਖੜਾ ਡੈਮ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਹਨ। ਜਿਸ ਕਾਰਨ ਸਤਲੁਜ ਦਰਿਆ ਵਿੱਚ ਤਿੰਨ ਲੱਖ ਕਿਊਸਿਕ ਪਾਣੀ ਦਾ ਵਹਾਅ ਹੈ। ਇਸ ਕਾਰਨ ਸਤਲੁਜ ਦੇ ਕੰਢੇ ਵਸੇ ਪਿੰਡਾਂ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ। ਘੱਗਰ ਵਿੱਚ ਇਸ ਵੇਲੇ 48710 ਕਿਊਸਿਕ ਪਾਣੀ ਹੈ। ਪੰਜਾਬ 'ਚ ਖਨੌਰੀ ਹੈੱਡ 'ਤੇ 7300 ਕਿਊਸਿਕ, ਚਾਂਦਪੁਰਾ ਹੈੱਡ 'ਤੇ 2550 ਕਿਊਸਿਕ ਪਾਣੀ ਹੈ।
ਗੁਰਦਾਸਪੁਰ ਅਤੇ ਪਠਾਨਕੋਟ 'ਚ ਰਾਵੀ ਵਿੱਚੋਂ 2 ਲੱਖ ਕਿਊਸਿਕ ਪਾਣੀ ਛੱਡਿਆ ਜਾਵੇਗਾ। ਪਠਾਨਕੋਟ ਦੇ ਬਮਿਆਲ ਖੇਤਰ ਵਿਚ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਦੀਨਾਨਗਰ ਦਾ ਮਕੌੜਾ ਪੱਤਣ ਅਤੇ ਡੇਰਾ ਬਾਬਾ ਨਾਨਕ ਦੇ ਨੀਵੇਂ ਇਲਾਕੇ ਹੜ੍ਹ ਦੀ ਮਾਰ ਹੇਠ ਆਏ। ਦਰਿਆ ਤੋਂ ਪਾਰ ਜਿੰਨੇ ਵੀ ਪਿੰਡ ਨੇ ਉਹਨਾਂ ਸੰਪਰਕ ਪੰਜਾਬ ਅਤੇ ਗੁਰਦਾਸਪੁਰ ਨਾਲੋਂ ਟੁੱਟ ਚੁੱਕਾ ਹੈ। ਪਠਾਨਕੋਟ ਵਿੱਚ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁੱਲ ਬੰਦ ਹੈ ਅਤੇ ਸੜਕੀ ਆਵਜਾਈ ਵੀ ਬੰਦ ਕਰ ਦਿੱਤੀ ਗਈ ਹੈ। ਇਸ ਪਾਸੇ ਜਾਣ ਵਾਲੇ ਸਾਰੇ ਰੂਟ ਡਾਈਵਰਟ ਕਰ ਦਿੱਤੇ ਗਏ ਹਨ।
ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ: ਪੰਜਾਬ 'ਚ ਮੀਂਹ ਦੀ ਮਾਰ ਨਾਲ ਕਿੰਨਾ ਨੁਕਸਾਨ ਹੋਇਆ ਇਸ ਬਾਰੇ ਅਜੇ ਕੋਈ ਅਧਿਕਾਰਿਕ ਅੰਕੜੇ ਸਾਹਮਣੇ ਨਹੀਂ ਆਏ ਪਰ ਲੋਕਾਂ ਦਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ। ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਮੋਗਾ ਅਤੇ ਲੁਧਿਆਣਾ ਵਿਚ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਰੇਡ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿਚ ਹਲਾਤ ਕਾਬੂ ਤੋਂ ਬਾਹਰ ਹਨ। ਰਾਹਤ ਇਹ ਇਹ ਹੈ ਕਿ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਸਤਲੁਜ ਦਰਿਆ ਤੋਂ ਰੋਪੜ ਹੈਡਵਰਕਸ ਤੱਕ ਦਰਿਆ ਦੇ ਪਾਣੀ ਵਹਾਅ 1.81 ਲੱਖ ਕਿਊਸਿਕ ਰਿਹਾ। ਜਦੋਂ ਕਿ ਫਿਲੌਰ 'ਚ ਦਰਿਆ ਦਾ ਪੱਧਰ 2.45 ਲੱਖ ਕਿਊਸਿਕ ਤੱਕ ਪਹੁੰਚ ਗਿਆ। ਘੱਗਰ ਅਤੇ ਸਤਲੁਜ ਨੇੜਲੇ ਪਿੰਡਾਂ ਵਿਚ ਫ਼ਸਲਾਂ ਹਜ਼ਾਰਾਂ ਏਕੜ ਫ਼ਸਲਾ ਪਾਣੀ ਵਿਚ ਡੁੱਬ ਗਈ। ਸਰਹਿੰਦ ਨਹਿਰ ਵਿੱਚ 23 ਹਜ਼ਾਰ ਕਿਊਸਿਕ ਪਾਣੀ ਇਸ ਵੇਲੇ ਚੱਲ ਰਿਹਾ ਹੈ। ਜਦਕਿ ਨਹਿਰ ਦੀ ਸਮਰੱਥਾ 13 ਹਜ਼ਾਰ ਕਿਊਸਿਕ ਪਾਣੀ ਤੱਕ ਦੀ ਹੈ। ਰਾਵੀ ਵਿਚ 1. 80 ਲੱਖ ਕਿਊੁਸਿਕ ਪਾਣੀ ਹੈ। ਇਸ ਤੋਂ ਇਲਾਵਾ ਨਰਵਾਣਾ ਬਰਾਂਚ, ਸਿਸਵਾ ਡੈਮ ਵਿਚ ਵੀ ਪਾੜ ਪਿਆ। ਜੋ ਕਿ ਮੁਹਾਲੀ ਵਿੱਚ ਸਥਿਤ ਹੈ। ਇਸ ਸਮੇਂ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1614.89 ਹੈ ਜੋ ਕਿ ਸਮਰੱਥਾ ਨਾਲੋਂ ਜ਼ਿਆਦਾ ਹੈ। ਐਸਵਾਈਐਲ ਨਹਿਰ ਵਿੱਚ ਕਈ ਥਾਵਾਂ 'ਤੇ ਪਾੜ ਪਿਆ ਜਿਸ ਨਾਲ ਰਾਜਪੁਰਾ, ਘਨੌਰ ਅਤੇ ਬਨੂੜ ਇਲਾਕੇ ਦੇ ਪਿੰਡਾਂ ਦੀਆਂ ਫ਼ਸਲਾਂ ਡੁੱਬ ਗਈਆਂ। ਲੋਕਾਂ ਦੇ ਘਰ ਪਾਣੀ ਵਿੱਚ ਲੱਕ ਤੱਕ ਡੁੱਬ ਗਏ। ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਲਈ ਸੁਰੱਖਿਆ ਅਭਿਆਨ ਚਲਾਇਆ ਜਾ ਰਿਹਾ ਹੈ। ਪਠਾਨਕੋਟ, ਫ਼ਿਰੋਜ਼ਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਕਈ ਕੱਚੇ ਘਰ ਮੀਂਹ ਅਤੇ ਹੜ੍ਹ ਕਾਰਨ ਡੁੱਬ ਗਏ।
ਰੋਪੜ ਅਤੇ ਮੁਹਾਲੀ ਵਿੱਚ ਪਿਆ ਰਿਕਾਰਡ ਤੋੜ ਮੀਂਹ: ਪੰਜਾਬ ਦੇ 9 ਜ਼ਿਲ੍ਹੇ ਅਜਿਹੇ ਹਨ ਜੋ ਪੂਰੀ ਤਰ੍ਹਾਂ 3 ਦਿਨਾਂ ਤੋਂ ਮੀਂਹ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਦੇ ਦੋ ਜ਼ਿਲ੍ਹੇ ਮੁਹਾਲੀ ਅਤੇ ਰੋਪੜ ਵਿੱਚ ਮੀਂਹ ਦਾ ਕਈ ਸਾਲਾਂ ਦਾ ਰਿਕਾਰਡ ਟੁੱਟਿਆ ਹੈ। 3 ਦਿਨਾਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਪਿਆ। ਰੋਪੜ ਵਿੱਚ 546 ਐਮਐਮ ਮੀਂਹ ਦਰਜ ਕੀਤਾ ਗਿਆ। ਜਦਕਿ ਮੁਹਾਲੀ ਜ਼ਿਲ੍ਹੇ ਵਿੱਚ 401 ਐਮਐਮ ਮੀਂਹ ਰਿਕਾਰਡ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਵਿਚ 255 ਐਮਐਮ ਮੀਂਹ ਦਰਜ ਕੀਤਾ ਗਿਆ। ਫਤਹਿਗੜ੍ਹ ਸਾਹਿਬ ਵਿਚ 162.8 ਐਮਐਮ, ਗੁਰਦਾਸਪੁਰ ਵਿਚ 190 ਐਮਐਮ, ਹੁਸ਼ਿਆਰਪੁਰ ਵਿਚ 169 ਐਮਐਮ, ਪਟਿਆਲਾ ਵਿਚ 126 ਐਮਐਮ ਅਤੇ ਤਰਨਤਾਰਨ ਵਿਚ 106 ਐਮਐਮ ਮੀਂਹ ਰਿਕਾਰਡ ਕੀਤਾ ਗਿਆ।
- ਮੁੱਖ ਮੰਤਰੀ ਵਲੋਂ ਸੁਝਾਅ ਮੰਗੇ ਜਾਣ 'ਤੇ ਭੜਕੇ ਸਨਅਤਕਾਰ, ਕਿਹਾ- ਸੁਝਾਅ ਮੰਗਣ ਦੇ ਨਾਂਅ 'ਤੇ ਪਬਲੀਸਿਟੀ ਕਰ ਰਹੀ ਸਰਕਾਰ - ਵੇਖੋ ਖਾਸ ਰਿਪੋਰਟ
- 250 ਰੁਪਏ ਕਿੱਲੋ ਹੋਇਆ ਟਮਾਟਰ, ਬਾਕੀ ਸਬਜ਼ੀਆਂ ਦੀਆਂ ਕੀਮਤਾਂ ਵੀ ਚੜੀਆਂ ਅਸਮਾਨੀ, ਜਾਣੋ ਕਾਰਣ...
- ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਭਾਲਿਆ ਅਹੁਦਾ, ਜਾਖੜ ਨੇ ਪਾਰਟੀ ਵਰਕਰਾਂ ਨੂੰ ਦਿੱਤਾ ਸੰਦੇਸ਼
ਕਈ ਥਾਵਾਂ 'ਤੇ ਸਰਕਾਰੀ ਪ੍ਰਬੰਧਾਂ ਦੇ ਦਾਅਵੇ ਫੇਲ੍ਹ: ਪੰਜਾਬ ਸਰਕਾਰ ਵੱਲੋਂ ਹੜਾਂ ਦੀ ਸਥਿਤੀ 'ਤੇ ਕਾਬੂ ਪਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਸੀ। ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਲੋਕਾਂ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕਰਨ ਲਈ ਕਿਹਾ ਸੀ, ਪਰ ਪੰਜਾਬ ਦੇ ਕਈ ਸ਼ਹਿਰਾਂ ਵਿਚ ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਬੰਧਾਂ ਕਿਸੇ ਕੰਮ ਨਹੀਂ ਆਏ। ਮੁਹਾਲੀ ਵਿੱਚ ਤਾਂ ਹੜ੍ਹ ਵਰਗੇ ਹਲਾਤਾਂ ਨਾਲ ਨਿਪਟਣ ਲਈ ਪੰਜਾਬ ਸਰਕਾਰ ਨੇ ਆਰਮੀ ਦੀ ਮਦਦ ਲਈ ਪੱਤਰ ਲਿਖਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੁਹਾਲੀ ਜ਼ਿਲ੍ਹੇ ਦਾ ਜਾਇਜ਼ਾ ਲੈਣ ਪਹੁੰਚੇ। ਮੁਹਾਲੀ ਜ਼ਿਲ੍ਹੇ ਦੇ ਹਲਾਤ ਤਾਂ ਇਹ ਹਨ ਕਿ ਪਿਛਲੇ 48 ਘੰਟਿਆਂ ਤੋਂ ਲੋਕ ਬਿਜਲੀ ਅਤੇ ਪਾਣੀ ਲਈ ਤਰਸ ਰਹੇ ਹਨ। ਘਰਾਂ ਵਿੱਚ ਪਾਣੀ ਦੀ ਮਾਰ ਅਤੇ ਪੀਣ ਵਾਲੇ ਪਾਣੀ ਨੂੰ ਲੋਕ ਤਰਸ ਰਹੇ ਹਨ। ਮੁਹਾਲੀ ਦੀਆਂ ਸੜਕਾਂ ਉੱਤੇ ਸਾਰੇ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ। ਟ੍ਰੈਫਿਕ ਵਿਵਸਥਾ ਡਗਮਗਾਈ ਹੋਈ ਹੈ। ਪਾਣੀ ਵਿੱਚ ਫਸੇ ਲੋਕਾਂ ਲਈ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਫਲੱਡ ਕੰਟਰੋਲ ਨੰਬਰ ਜਾਰੀ ਕੀਤੇ ਗਏ। ਮੁਹਾਲੀ ਜ਼ਿਲ੍ਹੇ ਵਿੱਚ ਇਹ ਨੰਬਰ ਕਿਸੇ ਕੰਮ ਨਹੀਂ ਆਏ। ਜੋ ਵੀ ਲੋਕ ਇਸ ਹੈਲਪਲਾਈਨ ਨੰਬਰ ਉੱਤੇ ਫੋਨ ਕਰਦੇ ਸਨ ਤਾਂ ਕਈਆਂ ਨੂੰ ਨੰਬਰ ਵਿਅਸਤ ਮਿਲਦਾ ਸੀ ਅਤੇ ਜਿਹਨਾਂ ਦਾ ਨੰਬਰ ਮਿਲਿਆ ਉਹਨਾਂ ਦੀ ਕੋਈ ਮਦਦ ਨਹੀਂ ਹੋਈ। ਡੇਰਾ ਬੱਸੀ ਉਦਯੋਗਿਕ ਖੇਤਰ ਦਾ ਹਾਲ ਤਾਂ ਇਹ ਹੈ ਕਿ 100 ਤੋਂ ਜ਼ਿਆਦਾ ਉਦਯੋਗਿਕ ਪਲਾਂਟਾਂ ਦਾ ਕੰਮ ਬੰਦ ਹੈ ਅਤੇ ਫੈਕਟਰੀਆਂ ਦੇ ਅੰਦਰ ਤੱਕ ਪਾਣੀ ਵੜਿਆ ਹੋਇਆ ਹੈ। ਪ੍ਰਸ਼ਾਸਨ ਦਾ ਅਜੇ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਗਿਆ।