ਚੰਡੀਗੜ੍ਹ:ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਸੀ.ਏ.ਟੀ) ਦੇ ਦੋ ਮੈਂਬਰੀ ਬੈਂਚ ਵਲੋਂ ਰੱਦ ਕਰਨ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕੈਟ ਦੇ ਫੈਸਲੇ ਨੂੰ ਚੁਣੌਤੀ ਦੇ ਲਈ ਡੀ.ਜੀ.ਪੀ ਦਿਨਕਰ ਗੁਪਤਾ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ। ਆਪਣੇ ਵਕੀਲ ਨੂੰ ਮਿਲਕੇ ਪੁਲਿਸ ਮੁਖੀ ਨੇ ਹਾਈ ਕੋਰਟ ਵਿੱਚ ਕੇਂਦਰੀ ਟ੍ਰਿਬਿਊਨਲ ਦੇ ਫੈਲਸੇ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਖੀ ਦੇ ਵਕੀਲ ਪੁਨੀਤ ਬਾਲੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੈਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਲਗਾਈ ਗਈ ਪਟੀਸ਼ਨ ਦੀ ਸੁਣਵਾਈ ਭਲਕੇ ਹਾਈ ਕੋਰਟ ਵਿੱਚ ਹੋਵੇਗੀ।
ਇਸ ਸਾਰੇ ਮਾਮਲੇ ਵਿੱਚ ਪੁਲਿਸ ਮੁਖੀ ਦਿਨਕਰ ਗੁਪਤਾ ਦੇ ਵਕੀਲ ਪੁਨੀਤ ਬਾਲੇ ਨੇ ਦੱਸਿਆ ਹੈ ਕਿ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਦੇ ਵਲੋਂ ਆਪਣੇ ਫੈਸਲੇ ਵਿੱਚ ਅਖਿਆ ਗਿਆ ਹੈ ਕਿ ਪੁਲਿਸ ਮੁਖੀ ਦੀ ਨਿਯਕੁਤੀ ਸਮੇਂ ਮਾਣਯੋਗ ਸਰਵਉੱਚ ਅਦਾਲਤ ਦੀਆਂ ਹਦਾਇਤਾਂ ਤੇ ਪ੍ਰਕਾਸ਼ ਸਿੰਘ ਜੱਜਮੈਂਟ ਦੀ ਉਲੰਘਣਾ ਕੀਤੀ ਗਈ ਹੈ। ਪਰ ਅਸਲ ਵਿੱਚ ਉਨ੍ਹਾਂ ਅਖਿਆ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਮਾਣਯੋਗ ਸਰਵਉੱਚ ਅਦਾਲਤ ਦੇ ਪ੍ਰਕਾਸ਼ ਸਿੰਘ ਜੱਜਮੈਂਟ ਦੀ ਉਲੰਘਣਾ ਨਹੀਂ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਡੀ.ਜੀ.ਪੀ ਦਿਨਕਰ ਗੁਪਤਾ ਤੇ ਪੰਜਾਬ ਸਰਕਾਰ ਇੱਕ ਧਿਰ ਵਜੋਂ ਪੇਸ਼ ਹੋਣਗੇ ਅਤੇ ਦੂਜੇ ਪਾਸੇ ਡੀ.ਜੀ. ਮੁਹੰਮਦ ਮੁਸਤਫਾ ਤੇ ਸਿਧਾਰਤ ਚਟੋਪਾਧਿਆਏ ਪੇਸ਼ ਹੋਣਗੇ।ਹੁਣ ਦੇਖਣਾ ਇਹ ਹੋਵੇਗਾ ਕਿ ਕੱਲ ਹਾਈ ਕੋਰਟ ਵਿੱਚ ਹੋਣ ਜਾ ਰਹੀ ਇਸ ਫੈਸਲੇ ਦੀ ਸੁਣਵਾਈ ਵਿੱਚ ਮਾਣਯੋਗ ਅਦਾਲਤ ਕੀ ਫੈਸਲਾ ਦਿੰਦੀ ਹੈ।