ਚੰਡੀਗੜ੍ਹ: ਪ੍ਰਸ਼ਾਸਨ ਨੇ ਪਲਾਸਟਿਕ ਵੇਸਟ ਮੈਨੇਜਮੈਂਟ ਬਾਈਲਾਜ਼ ਦਾ ਡਰਾਫਟ ਨੋਟੀਫ਼ਾਈ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇਸ ਦੀ ਫਾਈਨਲ ਨੋਟੀਫਿਕੇਸ਼ਨ ਉਪਰੰਤ ਇਸ ਦੀ ਵਰਤੋਂ ਕਰਨ ਵਾਲਾ ਪਲਾਸਟਿਕ ਨੂੰ ਕੂੜੇ ਤੋਂ ਵੱਖ (ਸੈਰੀਗੇਸ਼ਨ) ਕਰੇਗਾ, ਜੋ ਅਜਿਹਾ ਨਹੀਂ ਕਰੇਗਾ ਉਸ ਨੂੰ ਨਿਗਮ ਦੀ ਸੈਨੀਟੇਸ਼ਨ ਟੀਮ 5500 ਰੁਪਏ ਪੈਨਾਲਟੀ ਲਗਾ ਸਕਦੀ ਹੈ। ਸੈਕਰੇਟਰੀ ਟੂ ਲੋਕਲ ਗੌਰਮਿੰਟ ਨੇ ਇਹ ਡਰਾਫਟ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਸ਼ਹਿਰ ਦੇ ਲੋਕ 10 ਦਿਨਾਂ ਦੇ ਅੰਦਰ ਆਪਣੇ ਸੁਝਾਅ ਜਾਂ ਇਤਰਾਜ਼ ਦੇ ਸਕਦੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਪਲਾਸਟਿਕ ਵੇਸਟ ਮੈਨੇਜਮੈਂਟ ਬਾਈਲਾਜ਼ ਨੂੰ ਨਿਗਮ ਨੇ ਹਾਊਸ ਮੀਟਿੰਗ ਦੌਰਾਨ ਮਨਜ਼ੂਰੀ ਦਿੱਤੀ ਸੀ ਅਤੇ ਪ੍ਰਸ਼ਾਸਨ ਕੋਲ ਪਿਛਲੇ ਸਾਲ ਇਹ ਨੋਟਿਸ ਭੇਜਿਆ ਗਿਆ ਸੀ। ਇਸ ਡਰਾਫਟ ਨੋਟੀਫਿਕੇਸ਼ਨ ਦੇ ਲਾਗੂ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਪਲਾਸਟਿਕ ਬਾਕੀ ਕੂੜੇ ਤੋਂ ਵੱਖ ਕਰਨਾ ਜ਼ਰੂਰੀ ਹੋਵੇਗਾ।
ਪਲਾਸਟਿਕ ਜਿਵੇਂ ਕਿ ਕੋਕਾ ਕੋਲਾ, ਪਾਣੀ, ਤੇਲ ਦੀ ਬੋਤਲ, ਪਲਾਸਟਿਕ ਦੀ ਥੈਲੀ, ਕੈਰੀ ਬੈਗ, ਦੁੱਧ ਦੀ ਥੈਲੀ, ਪੈਕੇਜਿੰਗ ਵਾਲੀ ਥਾਲੀ, ਫੂਡ ਪੈਕੇਜਿੰਗ ਦੇ ਪੈਕੇਟ ਨੂੰ ਘਰ ਤੋਂ ਨਿਕਲਣ ਵਾਲੇ ਕੂੜੇ ਤੋਂ ਵੱਖ ਕਰਨਾ ਹੋਵੇਗਾ। ਇਸ ਉਪਰੰਤ ਹੀ ਕੂੜੇ ਨੂੰ ਸਹਿਜ ਸੇਵਾ ਕੇਂਦਰ ਵਿਚ ਸੁੱਟਣਾ ਹੋਵੇਗਾ। ਜੇਕਰ ਕੋਈ ਵੀ ਬਿਨਾਂ ਸੈਰੀਗੇਸ਼ਨ ਤੋਂ ਪਲਾਸਟਿਕ ਦਾ ਕੂੜਾ ਸੁੱਟੇਗਾ ਤਾਂ ਸੈਨੀਟੇਸ਼ਨ ਟੀਮ 5500 ਰੁਪਏ ਦਾ ਚਲਾਨ ਕੱਟੇਗੀ।ਇਹ ਪੈਨਲਟੀ ਦਸ ਦਿਨਾਂ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ। ਪੈਨਲਟੀ ਨਾ ਭਰਨ ਦੀ ਸੂਰਤ ਵਿਚ ਇਸ ਨੂੰ ਪਾਣੀ ਦੇ ਬਿੱਲ ਜਾਂ ਪ੍ਰਾਪਰਟੀ ਦੇ ਟੈਕਸ ਨੂੰ ਇਸ ਵਿੱਚ ਜੋੜ ਦਿੱਤਾ ਜਾਵੇਗਾ, ਜੋ ਕਿ ਭਰਨਾ ਜ਼ਰੂਰੀ ਹੋਵੇਗਾ।
ਕੂੜੇ ਦੀ ਵਰਤੋਂ ਲਈ ਇਸ ਨੂੰ ਰੀਸਾਈਕਲ ਕੀਤਾ ਜਾਵੇਗਾ, ਜਿਸ ਲਈ ਸਹਿਜ ਸੇਵਾ ਕੇਂਦਰ ਵਿਚੋਂ ਇਕੱਠਾ ਕਰਕੇ ਰੀਸਾਈਕਲ ਪਲਾਂਟ ਵਿਚ ਲਿਜਾਇਆ ਜਾਵੇਗਾ। ਰੀਸਾਈਕਲ ਉਪਰੰਤ ਇਸ ਤੋਂ ਤਿਆਰ ਪਦਾਰਥ ਨੂੰ ਸੜਕ ਨਿਰਮਾਣ ਲਈ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ ਬਾਇਲਾਜ ਦੇ ਅਨੁਸਾਰ ਪਲਾਸਟਿਕ ਦੇ ਭਾਂਡਿਆਂ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲੱਗੇਗੀ ਅਤੇ ਸਟਰੀਟ ਵੈਂਡਰ ਵੀ ਪਲਾਸਟਿਕ ਦੀ ਵਰਤੋਂ ਨਹੀਂ ਕਰ ਸਕਣਗੇ।