ਚੰਡੀਗੜ੍ਹ: ਪਨਬਸ ਅਤੇ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਇੱਕ ਵਾਰ ਫ਼ਿਰ ਤੋਂ ਬੇਨਤੀਜਾ ਹੀ ਰਹੀ। ਪਨਬਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਮੁਲਾਕਾਤ ਕੀਤੀ ਪਰ ਕਿਸੇ ਗੱਲ 'ਤੇ ਉਨ੍ਹਾਂ ਦੀ ਸਹਿਮਤੀ ਨਹੀਂ ਬਣੀ ਜਿਸ ਕਰਕੇ ਪਨਬਸ ਮੁਲਾਜ਼ਮਾਂ ਨੂੰ ਇੱਕ ਵਾਰ ਫ਼ਿਰ ਤੋਂ ਨਿਰਾਸ਼ ਹੋਕੇ ਪਰਤਨਾ ਪਿਆ।
ਪਨਬਸ ਯੂਨੀਅਨ ਦੇ ਪ੍ਰਧਾਨ ਰਿਧਮ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਮੰਤਰੀ ਨਾਲ ਗੱਲ ਹੋਈ ਪਰ ਮੰਗਾਂ ਅਜੇ ਵੀ ਨਹੀਂ ਮੰਨੀਆਂ ਗਈਆਂ, ਨਾਲ ਹੀ ਉਨ੍ਹਾਂ ਨੇ ਅਧੀਕਾਰੀਆਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਂਟਰੈਕਟਰ ਦਾ ਕਾਂਟਰੈਕਟ ਖ਼ਤਮ ਹੋਣ ਦੇ ਬਾਵਜੂਦ ਉਹ ਸਿਫਾਰਿਸ਼ 'ਤੇ ਆਪਣਾ ਕਾਂਟਰੈਕਟ ਮੁੜ ਤੋਂ ਰੀਨਿਉ ਕਰਾ ਰਿਹਾ ਹੈ ਜੋ ਕਿ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ।
ਇਸ ਬਾਰੇ ਜਦ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਨਬਸ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਦੀ ਕੋਸ਼ਿਸ਼ ਕਰਨੀਆਂ ਚਾਹੀਆਂ ਪਰ ਸਹਿਮਤੀ ਨਹੀਂ ਬਣੀ ਹੈ ਜਿਸ ਕਰਕੇ ਉਹ ਹੁਣ ਸਰਕਾਰ ਕੋਲ ਕਾਂਟਰੈਕਟ ਭੇਜ ਕੇ ਅਗਲਾ ਫ਼ੈਸਲਾ ਲੈਣਗੇ। ਉਥੇ ਹੀ ਮੰਤਰੀ ਨੇ ਪਨਬਸ ਮੁਲਾਜ਼ਮਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਅੰਦਰ ਮੀਟਿੰਗ ਵੇਲੇ ਸਾਰੀਆਂ ਗੱਲਾਂ 'ਚ ਹਾਮੀ ਭਰਦੇ ਹਨ ਪਰ ਮੀਡੀਆ ਅੱਗੇ ਕੁਝ ਹੋਰ ਬਿਆਨ ਦੇਂਦੇ ਹਨ।
ਦੱਸਣਯੋਗ ਹੈ ਕਿ ਬੀਤੇ ਦੀਨੀ ਆਪਣੀਆਂ ਮੰਗਾਂ ਨੂੰ ਲੈ ਕੇ ਪਨਬਸ ਮੁਲਾਜ਼ਮ ਨੇ ਹੜਤਾਲ ਵੀ ਕੀਤੀ ਸੀ ਜਿਸ ਕਰਕੇ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਫਿਰ ਬੈਠਕ ਬੇਨਤੀਜਾ ਹੋਣ ਕਰਕੇ ਪਨਬਸ ਮੁਲਾਜ਼ਮਾਂ ਨੇ ਸੰਘਰਸ਼ ਤਿੱਖਾ ਕਰਨ ਦੀ ਗਲ ਕੀਤੀ ਹੈ। ਜੇਕਰ ਪਨਬਸ ਮੁਲਾਜ਼ਮ ਫ਼ਿਰ ਤੋਂ ਹੜਜਾਲ ਕਰਦੇ ਹਨ ਤਾਂ ਆਉਣ ਵਾਲੇ ਦਿਨਾਂ 'ਚ ਯਾਤਰੀਆਂ ਨੂੰ ਮੁੜ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।