ਜਲੰਧਰ: ਇੱਥੋਂ ਦੀ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਇਕ ਔਰਤ ਤੇ ਪੁਰਸ਼ ਨੂੰ 1 ਕਿੱਲੋ ਸੱਠ ਗ੍ਰਾਮ ਹੈਰੋਇਨ ਸਣੇ ਗਿਰਫ਼ਤਾਰ ਕੀਤਾ ਹੈ। ਇਹ ਮਾਮਲਾ ਜਲੰਧਰ ਦੇ ਫਿਲੌਰ ਵਿਖੇ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਬੱਸ ਤੋਂ ਉਤਰੀ ਇਕ ਔਰਤ ਨੂੰ ਫੜ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ। ਪੁਲੀਸ ਵੱਲੋਂ ਗਿਰਫ਼ਤਾਰ ਕੀਤੀ ਗਈ ਇਹ ਔਰਤ ਮਿਜ਼ੋਰਮ ਦੀ ਰਹਿਣ ਵਾਲੀ ਹੈ।
ਇਸੇ ਤਰ੍ਹਾਂ ਦੇ ਹੀ ਇੱਕ ਹੋਰ ਮਾਮਲੇ 'ਚ ਜਲੰਧਰ ਦੇ ਪਠਾਨਕੋਟ ਚੌਂਕ 'ਤੇ ਨਾਕੇਬੰਦੀ ਦੌਰਾਨ ਇੱਕ i20 ਕਾਰ ਚੋਂ 8.29 ਲੱਖ ਰੁਪਏ ਅਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਲੰਧਰ ਵਿਖੇ ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਦੋਨਾਂ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਜੋ ਇਨ੍ਹਾਂ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।