ਬਠਿੰਡਾ: 26 ਜਨਵਰੀ ਦੇ ਸ਼ੁਭ ਦਿਹਾੜੇ ਉੱਤੇ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਝੰਡਾ ਲਹਿਰਾਇਆ ਜਾਵੇਗਾ ਜਿਸ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਵੱਲੋਂ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪਿਛਲੇ ਕਰੀਬ ਇਕ ਹਫ਼ਤੇ ਤੋਂ ਲਗਾਤਾਰ ਭੀੜ ਭਾੜ ਵਾਲੀ ਜਗ੍ਹਾ ਉਪਰ ਪੁਲਿਸ ਵੱਲੋ ਛਾਣਬੀਣ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਬਠਿੰਡਾ ਵਿੱਚ ਗਰਮ ਖਿਆਲੀ ਨਾਅਰੇ ਲਿਖੇ ਜਾਣ ਤੋਂ ਬਾਅਦ ਬਠਿੰਡਾ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ।
ਮੁੱਖ ਮੰਤਰੀ ਪੰਜਾਬ ਦੀ ਸਿਕਿਓਰਟੀ: ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਅੱਜ ਮੁੱਖ ਮੰਤਰੀ ਪੰਜਾਬ ਦੀ ਸਿਕਿਓਰਟੀ ਵੱਲੋਂ ਝੰਡਾ ਲਹਿਰਾਉਣ ਵਾਲੀ ਜਗ੍ਹਾ ਉੱਤੇ ਚੱਪੇ-ਚੱਪੇ ਦੀ ਜਿਥੇ ਛਾਣਬੀਣ ਕੀਤੀ ਗਈ। ਉਥੇ ਹੀ ਡਿਟੈਕਟਿਵ ਅਤੇ ਡਾਗ ਸਕੁਐਡ ਵੱਲੋਂ ਵੀ ਚੱਪੇ ਚੱਪੇ ਦੀ ਛਾਣਬੀਣ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡੀਐਸਪੀ ਹੈਡਕੁਆਟਰ ਗਰਦੀਪ ਸਿੰਘ ਨੇ ਦੱਸਿਆ ਕਿ 26 ਜਨਵਰੀ ਦੇ ਸ਼ੁਭ ਦਿਹਾੜੇ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੌਦਾਂ ਸੌ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਨਾਕਾਬੰਦੀ ਕਰਕੇ ਸੁਰੱਖਿਆ ਪ੍ਰਬੰਧ: ਇਸ ਦੇ ਨਾਲ ਹੀ ਤਿੰਨ ਬਟਾਲੀਅਨਾਂ ਬਾਹਰ ਤੋਂ ਮੰਗਵਾਈਆਂ ਗਈਆਂ ਹਨ ਅਤੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਡਾਗ ਸਕੁਐਡ ਤੇ ਬੰਬ ਸਕੁਐਡ ਵੱਲੋਂ ਲਗਾਤਾਰ ਛਾਣਬੀਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਐਂਡੀ ਸਾਬੋ ਟੀਮ ਵੀ ਜਾਂਚ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਬਠਿੰਡਾ ਪੁਲੀਸ ਵੱਲੋਂ ਸ਼ੱਕੀ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਗਈ ਸੀ ਅਤੇ ਜਗ੍ਹਾ-ਜਗ੍ਹਾ ਨਾਕਾਬੰਦੀ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ।
ਇਹ ਵੀ ਪੜ੍ਹੋ: Controversy over the tableau of Punjab: ਕੇਂਦਰ ਦੇ ਫੈਸਲੇ ਉੱਤੇ ਭੜਕੇ ਸੀਐੱਮ ਮਾਨ, ਕਿਹਾ- ਕੁਰਬਾਨੀਆਂ ਦੇਣ ਵਾਲੇ ਪੰਜਾਬ...
ਇਸ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਬੱਸ ਅੱਡਿਆ ਰੇਲਵੇ ਸਟੇਸ਼ਨਾ ਅਤੇ ਆਉਣ ਜਾਣ ਵਾਲੀਆਂ ਸਾਰੀਆਂ ਸੜਕਾਂ ਉੱਤੇ ਵੀ ਲਗਾਤਾਰ ਪੁਲਿਸ ਨੇ ਤਿੱਖੀ ਨਜ਼ਰ ਬਣਾਈ ਹੋਈ ਹੈ। ਉਨ੍ਹਾਂ ਕਿਹਾ ਸਟੇਡੀਅਮ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰਿਆਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਅਣਸੁਖ਼ਾਵੀਂ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ।