ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੇ ਚੱਲਦਿਆਂ ਦਿੱਲੀ ਵਿਖੇ 26 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਗਈ। ਪਰ ਇਸ ਮੌਕੇ ਲਾਲ ’ਤੇ ਕੇਸਰੀ ਝੰਡਾ ਲਹਿਰਾਉਣ ਅਤੇ ਦਿੱਲੀ ਵਿਖੇ ਹੋਈ ਹਿੰਸਾ ਦੀ ਪਿੰਡਾਂ ਦੀਆਂ ਸੱਥਾਂ ਵਿੱਚ ਚਰਚਾ ਛਿੜੀ ਹੋਈ ਹੈ। ਸੱਥਾਂ ਵਿੱਚ ਬੈਠੇ ਲੋਕ ਦਿੱਲੀ ਗਏ ਕਿਸਾਨਾਂ ਦੀ ਚਿੰਤਾ ਕਰ ਰਹੇ ਹਨ ਅਤੇ ਸੰਘਰਸ਼ੀ ਲੋਕਾਂ ਦੀ ਖ਼ੈਰ ਮੰਗ ਰਹੇ ਹਨ। ਇਸ ਹਿੰਸਾ ਨੇ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਨੂੰ 1984 ਦਾ ਸਿੱਖ ਕਤਲੇਆਮ ਯਾਦ ਕਰਵਾ ਦਿੱਤਾ ਹੈ।
ਪਿੰਡ ਚੀਮਾ ਦੀ ਸੱਥ ’ਚ ਬੈਠੇ ਮੱਲ ਸਿੰਘ, ਬਿੰਦਰ ਸਿੰਘ ਅਤੇ ਘੋਨਾ ਸਿੰਘ ਨੇ ਕਿਹਾ ਕਿ ਦਿੱਲੀ ਗਏ ਉਨ੍ਹਾਂ ਦੇ ਸਾਥੀ ਕਿਸਾਨਾਂ ਦੀ ਮੰਗ ਸਿਰਫ਼ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੈ। ਸਰਕਾਰ ਨੇ ਜਾਣ ਬੁੱਝ ਕੇ ਕਿਸਾਨਾਂ ਦੀ ਟਰੈਕਟਰ ਪਰੇਡ ਵਿੱਚ ਖੱਲਲ ਪਾਈ ਅਤੇ ਦਿੱਲੀ ਵਿਖੇ ਹਿੰਸਾ ਕਰਵਾਈ ਹੈ। ਕਿਸਾਨਾਂ ’ਤੇ ਦਿੱਲੀ ਪੁਲਿਸ ਵੱਲੋਂ ਸ਼ਰੇਆਮ ਤਸ਼ੱਦਦ ਕੀਤਾ ਗਿਆ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਸ਼ਾਂਤਮਈ ਸੰਘਰਸ਼ ਕਰ ਰਹੇ ਅੰਨਦਾਤੇ ਨੂੰ ਬਦਨਾਮ ਕਰ ਰਹੀ ਹੈ।
ਸੇਵਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਸ਼ਰਾਰਤੀ ਅਨਸਰ ਸੰਘਰਸ਼ ’ਚ ਦਾਖ਼ਲ ਕਰਕੇ ਇਸ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸੰਘਰਸ਼ ਨੂੰ ਹਿੰਸਕ ਰੂਪ ਦੇ ਕੇ ਖ਼ਤਮ ਕਰਵਾਇਆ ਜਾ ਸਕੇ।
ਪਿੰਡ ਗਾਗੇਵਾਲ ਦੀ ਸੱਥ ਵਿੱਚ ਬੈਠੇ ਕਿਸਾਨ ਗੁਰਮੀਤ ਸਿੰਘ ਅਤੇ ਬਲਦੇਵ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ਉੱਤੇ ਚੜਾਏ ਗਏ ਝੰਡੇ ਵਾਲੀ ਹਰਕਤ ਕਾਰਨ ਸੰਘਰਸ਼ ਨੂੰ ਢਾਹ ਲੱਗੀ ਹੈ। ਪਰ ਕਿਸਾਨ ਇਸਦੇ ਬਾਵਜੂਦ ਸੰਘਰਸ਼ ਲੜਦੇ ਰਹਿਣਗੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਦਮ ਲੈਣਗੇ।
ਪਿੰਡ ਭੋਤਨਾ ਦੇ ਬਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਣਗੇ। ਇਸ ਹਿੰਸਾ ਨਾਲ ਸਰਕਾਰ ਵੱਲੋਂ ਭਾਵੇਂ ਸੰਘਰਸ਼ ਨੂੰ ਵੱਡੀ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।