ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿਰੁੱਧ ਦਿੱਤੇ ਬਿਆਨ ਤੋਂ ਉਸਦੀ ਜੱਥੇਬੰਦੀ ਦੇ ਵਰਕਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬਰਨਾਲਾ ਦੇ ਪਿੰਡ ਗੰਗੋਹਰ ਦੇ ਕਈ ਬੀਕੇਯੂ ਉਗਰਾਹਾਂ ਦੇ ਵਰਕਰਾਂ ਨੇ ਜੱਥੇਬੰਦੀ ਛੱਡ ਕੇ ਬੀਕੇਯੂ ਸਿੱਧੂਪੁਰ ਵਿੱਚ ਸ਼ਮੂਲੀਅਤ ਕੀਤੀ ਹੈ।
ਬੀਕੇਯੂ ਸਿੱਧੂਪੁਰ ਦੇ ਨੇਤਾਵਾਂ ਨੇ ਸਮੂਹ ਵਰਕਰਾਂ ਨੂੰ ਆਪਣੀ ਜੱਥੇਬੰਦੀ ਵਿੱਚ ਸ਼ਾਮਲ ਕੀਤਾ ਹੈ। ਬੀਕੇਯੂ ਉਗਰਾਹਾਂ ਛੱਡਣ ਵਾਲਿਆਂ ਨੇ ਜੱਥੇਬੰਦੀ ਦੇ ਆਗੂਆਂ ਉਪਰ ਸਿੱਖਾਂ ਵਿਰੁੱਧ ਲਗਾਤਾਰ ਬਿਆਨਬਾਜ਼ੀ ਕਰਨ ਦੇ ਦੋਸ਼ ਲਗਾਏ ਹਨ।
ਬੀਕੇਯੂ ਉਗਰਾਹਾਂ ਛੱਡਣ ਵਾਲੇ ਚਰਨ ਸਿੰਘ ਨੇ ਦੱਸਿਆ ਕਿ ਨੇ ਦੱਸਿਆ ਕਿ ਉਹ 9 ਸਾਲਾਂ ਤੋਂ ਉਗਰਾਹਾਂ ਜੱਥੇਬੰਦੀ ਵਿੱਚ ਕੰਮ ਕਰਦੇ ਆ ਰਹੇ ਹਨ, ਉਹਨਾਂ ਦੀ ਜੱਥੇਬੰਦੀ ਦੇ ਆਗੂ ਸਿੱਖਾਂ ਵਿਰੁੱਧ ਲਗਾਤਾਰ ਬਿਆਨਬਾਜ਼ੀ ਕਰਦੇ ਆ ਰਹੇ ਹਨ। ਗੁਰੂ ਘਰਾਂ ਵਿੱਚੋਂ ਲੰਗਰ ਛੱਕ ਕੇ ਗੁਰੂ ਘਰਾਂ ਵਿਰੁੱਧ ਹੀ ਬਿਆਨ ਦਿੰਦੇ ਆ ਰਹੇ ਹਨ। ਵਾਰਿਸ ਪੰਜਾਬ ਦੇ ਜੱਥੇਬੰਦੀ ਅੰਮ੍ਰਿਤਪਾਲ ਸਿੰਘ ਨੇ 1 ਹਜ਼ਾਰ ਲੋਕਾਂ ਨੂੰ ਅੰਮ੍ਰਿਤ ਛਕਾਇਆ ਗਿਆ ਹੈ। ਜੱਥੇਬੰਦੀ ਦੇ ਪ੍ਰਧਾਨ ਵੱਲੋਂ ਉਸ ਵਿਰੁੱਧ ਵੀ ਬਿਆਨਬਾਜ਼ੀ ਕੀਤੀ ਗਈ ਹੈ, ਜਿਸਤੋਂ ਦੁੱਖੀ ਹੋ ਕੇ ਉਹਨਾ ਨੇ ਬੀਕੇਯੂ ਉਗਰਾਹਾਂ ਛੱਡ ਕੇ ਬੀਕੇਯੂ ਸਿੱਧੂਪੁਰ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਦੱਸਿਆ ਕਿ ਪਿੰਡ ਗੰਗੋਹਰ ਦੀ ਸਾਰੀ ਇਕਾਈ ਨੇ ਆਪਣੀ ਬੀਕੇਯੂ ਉਗਰਾਹਾਂ ਨੂੰ ਛੱਡਿਆ ਹੈ।
ਉਥੇ ਬੀਕੇਯੂ ਸਿੱਧੂਪੁਰ ਦੇ ਆਗੂ ਜਗਪਾਲ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੀ ਜੱਥੇਬੰਦੀ ਵਿੱਚ ਪਿੰਡ ਗੰਗੋਹਰ ਦੇ ਵੱਡੀ ਗਿਣਤੀ ਵਿੱਚ ਲੋਕ ਬੀਕੇਯੂ ਉਗਰਾਹਾਂ ਨੂੰ ਛੱਡ ਕੇ ਉਹਨਾਂ ਦੀ ਜੱਥੇਬੰਦੀ ਵਿੱਚ ਸ਼ਾਮਲ ਹੋਏ ਹਨ। ਉਹਨਾਂ ਬੀਕੇਯੂ ਉਗਰਾਹਾਂ ਦੇ ਨੇਤਾਵਾਂ ਉਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਗਰਾਹਾਂ ਜੱਥੇਬੰਦੀ ਦੇ ਆਗੂ ਕਾਮਰੇਡ ਹਨ ਜੋ ਸਿੱਖ ਵਿਰੋਧੀ ਹਨ। ਉਹਨਾਂ ਕਿਹਾ ਕਿ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਟਿੱਪਣੀ ਕਰਨੀ ਗਲਤ ਹੈ। ਸਾਡੀ ਜੱਥੇਬੰਦੀ ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਅੰਮ੍ਰਿਤਧਾਰੀ ਸਿੱਖ ਹਨ ਅਤੇ ਸਾਡੀ ਜੱਥੇਬੰਦੀ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ।
ਇਹ ਵੀ ਪੜ੍ਹੋ: ਲੜਕੀਆਂ ਨੂੰ ਜ਼ਬਰੀ ਫੋਨ ਨੰਬਰ ਦੇਣ ਅਤੇ ਗ਼ਲਤ ਹਰਕਤਾਂ ਕਰਨ ਵਾਲਾ ਵਿਅਕਤੀ ਗ੍ਰਿਫਤਾਰ