ਬਰਨਾਲਾ: ਅੱਜ ਜਦੋਂ ਦੇਸ ਦੀ ਆਜ਼ਾਦੀ ਦੇ ਜਸ਼ਨਾਂ ਦੇ ਨਾਲ ਨਾਲ ਦੇਸ਼ ਦੀ ਵੰਡ ਨੂੰ ਯਾਦ ਕੀਤਾ ਜਾ ਰਿਹਾ ਹੈ। ਉਸ ਮੌਕੇ ਪੰਜਾਬੀ ਦੇ ਨਾਮਵਰ ਲੇਖਕ ਤੇ ਨਾਮਵਰ ਨਾਵਲਕਾਰ ਪ੍ਰਗਟ ਸਤੌਜ ਵਲੋਂ ਇੱਕ ਨਾਵਲ ਇਸ ਵੰਡ ਨੂੰ ਲੈ ਕੇ ਲਿਖਿਆ ਗਿਆ ਹੈ। ਅੱਜ ਇਸ ਨਾਵਲ ਨੂੰ ਬਰਨਾਲਾ ਵਿਖੇ ਜਿੱਥੇ ਰਿਲੀਜ਼ ਕੀਤਾ ਗਿਆ, ਉਥੇ ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਪੁਸਤਕ ਉਪਰ ਵਿਚਾਰ ਗੋਸ਼ਟੀ ਕਰਵਾਈ ਗਈ। ਭਾਰਤ-ਪਾਕਿਸਤਾਨ ਦੀ 1947 ਮੌਕੇ ਹੋਈ ਵੰਡ ’ਤੇ ਆਧਾਰਿਤ ਪ੍ਰਸਿੱਧ ਲੇਖਕ ਪਰਗਟ ਸਿੰਘ ਸਤੌਜ ਨਾਵਲਕਾਰ ਦੇ ਕਹਾਣੀ ਸੰਗ੍ਰਹਿ ਦਾ ਨਵਾਂ ਨਾਵਲ ਅੱਜ ਰਿਲੀਜ਼ ਕੀਤਾ ਗਿਆ। ਇਸ ਪੁਸਤਕ ਰਿਲੀਜ਼ ਸਮਾਰੋਹ ਵਿੱਚ ਪੰਜਾਬੀ ਦੇ ਨਾਮਵਰ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ।
ਨਾਵਲ "1947": ਇਸ ਮੌਕੇ ਕਿਤਾਬ ਦੇ ਲੇਖਕ ਪ੍ਰਗਟ ਸਿੰਘ ਸਤੌਜ ਨੇ ਕਿਹਾ ਕਿ ਉਹਨਾਂ ਦਾ ਨਾਵਲ "1947" ਦੇਸ਼ ਦੀ ਵੰਡ ਨੂੰ ਲੈ ਕੇ ਲਿਖਿਆ ਗਿਆ ਹੈ। ਦੇਸ਼ ਦੀ ਵੰਡ ਮੌਕੇ ਲੋਕ ਧਰਮਾਂ ਦੀ ਕੱਟੜਤਾ ਵਿੱਚ ਉਲਝ ਕੇ ਵੱਡੇ ਪੱਧਰ ਤੇ ਕੱਟ ਵੱਢ ਕਰ ਰਹੇ ਸਨ। ਇਸਦੇ ਉਲਟ ਕੁੱਝ ਲੋਕ ਅਜਿਹੇ ਵੀ ਸਨ ਜਿਹਨਾਂ ਨੇ ਇਨਸਾਨੀਅਤ ਦੇ ਨਾਤੇ ਲੋਕਾਂ ਨੂੰ ਬਚਾਇਆ ਵੀ ਸੀ। ਇਸਦੇ ਆਧਾਰ ਤੇ ਹੀ ਇਹ ਨਾਵਲ ਲਿਖਿਆ ਗਿਆ ਹੈ।
ਸਾਹਿਤ ਨਾਲ ਜੋੜਨ ਦੀ ਬਹੁਤ ਲੋੜ : ਇਸ ਮੌਕੇ ਬੋਲਦਿਆਂ ਸਾਹਿਤਕਾਰਾਂ ਨੇ ਕਿਹਾ ਕਿ ਅੱਜ ਸਮਾਜ ਨੂੰ ਪੁਸਤਕਾਂ ਅਤੇ ਸਾਹਿਤ ਨਾਲ ਜੋੜਨ ਦੀ ਬਹੁਤ ਲੋੜ ਹੈ। ਅੱਜ ਸਮਾਜ 'ਤੇ ਪੱਛਮੀ ਸੱਭਿਆਚਾਰ ਹਾਵੀ ਹੋ ਚੁੱਕਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਪਰਹੇਜ਼ ਕਰ ਰਹੀ ਹੈ ਅਤੇ ਪੁਰਾਣਾ ਇਤਿਹਾਸ ਪੜ੍ਹ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਹੈ ਤਾਂ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਬਹੁਤ ਲੋੜ ਹੈ। ਜੇਕਰ ਉਹ ਅਜਿਹਾ ਕਰਨ ਤਾਂ ਉਹ ਮਾੜੀ ਸੰਗਤ ਤੋਂ ਬਚ ਸਕਣਗੇ। ਜਿਨ੍ਹਾਂ ਦਾ ਅੱਜ ਇਹ ਹਾਲ ਹੈ, ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਗਟ ਸਿੰਘ ਸਤੌਜ ਪੰਜਾਬੀ ਦਾ ਬਹੁਤ ਵਧੀਆ ਲੇਖਕ ਹੈ। ਜਿਸ ਵਲੋਂ 1947 ਦੀ ਵੰਡ ਨੂੰ ਲਿਖੇ ਗਏ ਨਾਵਲ ਉਪਰ ਅੱਜ ਵਿਚਾਰ ਗੋਸ਼ਟੀ ਹੋਈ ਹੈ। ਇਸ ਨਾਵਲ ਰਾਹੀਂ ਪਤਾ ਲੱਗਦਾ ਹੈ ਕਿ ਕਿਵੇਂ ਪੰਜਾਬ ਦੇ ਹਰ ਧਰਮ ਤੇ ਜਾਤ ਦੇ ਲੋਕ ਉਸ ਵੇਲੇ ਇਕੱਠੇ ਰਹਿੰਦੇ ਸਨ ਅਤੇ ਕਿਵੇਂ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਇਹ ਨਾਵਲ ਹਰ ਪੰਜਾਬੀ ਅਮਨ ਪਸੰਦ ਵਿਅਕਤੀ ਨੂੰ ਪੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਹਾਲਾਤ ਉਸ ਵੇਲੇ ਵੰਡ ਸਮੇਂ ਸਨ, ਉਹੀ ਹਾਲਾਤ ਅੱਜ ਹਨ ਅਤੇ ਅੱਜ ਵੀ ਦੇਸ਼ ਵਿਚ ਲੋਕਾਂ ਨੂੰ ਧਰਮ ਦੇ ਆਧਾਰ ਤੇ ਲੜਾਇਆ ਜਾ ਰਿਹਾ ਹੈ, ਜਿਸਤੋਂ ਸੁਚੇਤ ਹੋਣ ਦੀ ਲੋੜ ਹੈ।