ਬਰਨਾਲਾ: ਬੀਤੇ ਦਿਨੀਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਮਹਿਲ ਕਲਾਂ ਦੇ ਬਲਾਕ ਪੰਚਾਇਤ ਦਫ਼ਤਰ ਵਿੱਚ ਸਰਕਾਰੀ ਫ਼ੰਡ ਵਿੱਚ ਘਪਲਾ ਹੋਣ ਦੀ ਖ਼ਬਰ ਆਈ ਸੀ ਜਿਸ ਬਾਰੇ ਪੰਚਾਇਤ ਸਕੱਤਰ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਖ਼ੁਲਾਸਾ ਕੀਤਾ ਗਿਆ।
ਪੰਚਾਇਤ ਸਕੱਤਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਫ਼ੰਡ ਵਿੱਚ ਤਕਰੀਬਨ 13 ਲੱਖ ਰੁਪਏ ਦਾ ਘਪਲਾ ਕੀਤਾ ਗਿਆ ਸੀ ਜਿਸ ਵਿੱਚ ਉਸ ਨਾਲ ਬੀਡੀਪੀਓ ਅਫ਼ਸਰ, ਪੰਚਾਇਤ ਸਕੱਤਰ ਅਤੇ 2 ਸਰਪੰਚ ਵੀ ਸ਼ਾਮਲ ਸਨ।
ਪੰਚਾਇਤ ਸਕੱਤਰ ਨੇ ਘਪਲੇ ਵਿੱਚ ਆਪਣੀ ਭੂਮੀਕਾ ਕਬੂਲਦਿਆਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਇੱਕਲੇ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਪਲੇ ਵਿੱਚ ਉਸ ਨਾਲ ਜੋ ਹੋਰ ਵਿਅਕਤੀ ਸ਼ਾਮਲ ਹਨ ਉਨ੍ਹਾਂ ਉੱਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।ਜਗਵਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਸਾਉਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਜਿਸ ਬਾਰੇ ਉਸ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸਬੰਧਤ ਅਫ਼ਸਰ ਨੂੰ ਵੀ ਐਫ਼ੀਡੈਵਿਟ ਦਿੱਤਾ ਹੈ ਤੇ ਉਹ ਜਲਦੀ ਹੀ ਇਸ ਮਾਮਲੇ ਦੀ ਜਾਣਕਾਰੀ ਵਿਜ਼ੀਲੈਂਸ ਅਧਿਕਾਰੀ ਨੂੰ ਵੀ ਦੇਣ ਜਾ ਰਹੇ ਹਨ ਤਾਂ ਕਿ ਇਸ ਮਾਮਲੇ ਦੀ ਪੂਰਨ ਤਰੀਕੇ ਨਾਲ ਜਾਂਚ ਕੀਤੀ ਜਾਵੇ।
ਇਸ ਮਾਮਲੇ ਸਬੰਧੀ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।