ਬਰਨਾਲਾ: ਜ਼ਿਲ੍ਹਾ ਦੇ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ 'ਚ ਇੱਕ ਨਵ-ਜੰਮਿਆ ਬੱਚਾ ਕੁੜੇ ਦੇ ਢੇਰ 'ਤੇ ਪਿਆ ਮਿਲਿਆ। ਬੱਚੇ ਨੂੰ ਪੁਲਿਸ ਦੀ ਮਦਦ ਨਾਲ ਮਹਿਲ ਕਲਾਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਨਵ-ਜੰਮੇ ਲੜਕੇ ਨੂੰ ਮਾਪਿਆਂ ਵੱਲੋਂ ਕੂੜੇ ਵਿੱਚ ਸੁਆਹ ਸਮੇਤ ਇੱਕ ਬੋਰੀ 'ਚ ਪਾ ਕੇ ਪਿੰਡ ਵਿਚਕਾਰ ਛੱਪੜ ਕੰਢੇ ਰੂੜੀਆਂ 'ਤੇ ਸੁੱਟ ਦਿੱਤਾ ਗਿਆ।
ਇਸ ਸਬੰਧੀ ਪਤਾ ਉਦੋਂ ਲੱਗਿਆ ਜਦੋਂ ਅੱਜ ਸਵੇਰੇ ਇੱਕ ਮਜ਼ਦੂਰ ਕਾਗ਼ਜ਼ ਚੁਗਦਾ ਚੁਗਦਾ ਰੂੜੀਆਂ ਕੋਲ ਪਹੁੰਚਿਆਂ ਤਾਂ ਉਸ ਨੇ ਉੱਥੇ ਪਈ ਕੂੜੇ ਵਾਲੀ ਬੋਰੀ ਨੂੰ ਫੜ ਕੇ ਖਿੱਚਿਆ ਤਾਂ ਉਸ ਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਕੂੜੇ ਦੀ ਬੋਰੀ ਢੇਰੀ ਕੀਤੀ ਤਾਂ ਉਸ ਵਿਚੋਂ ਨਵ-ਜੰਮਿਆ ਬੱਚਾ ਨਿਕਲਿਆ ਜਿਸ ਦਾ ਅਜੇ ਤੱਕ ਨਾੜੂਆ ਵੀ ਨਹੀਂ ਕੱਟਿਆ ਸੀ।
ਮਜ਼ਦੂਰ ਉਸ ਨੇ ਤੁਰੰਤ ਰੌਲਾ ਪਾ ਕੇ ਆਲੇ-ਦੁਆਲੇ ਦੇ ਘਰਾਂ ਨੂੰ ਬੁਲਾਇਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਥਾਣਾ ਮਹਿਲ ਕਲਾਂ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੇ ਐੱਸ.ਐੱਚ.ਓ. ਮਹਿਲ ਕਲਾਂ ਲਖਵਿੰਦਰ ਸਿੰਘ ਦੀ ਹਾਜ਼ਰੀ 'ਚ 108 ਐਂਬੂਲੈਂਸ ਰਾਹੀਂ ਇਨ ਨਵ-ਜੰਮੇ ਲੜਕੇ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਲਿਆਂਦਾ ਗਿਆ। ਜਿੱਥੇ ਨੋਡਲ ਅਫ਼ਸਰ ਡਾਕਟਰ ਸਿਮਰਨਜੀਤ ਸਿੰਘ ਦੇਖ-ਰੇਖ 'ਚ ਇਸ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।