ਬਰਨਾਲਾ: ਸ਼ਨਿੱਚਰਵਾਰ ਨੂੰ ਸ਼ਹਿਰ ਵਿੱਚ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਪਹੁੰਚੇ ਸਨ, ਪ੍ਰੰਤੂ ਇਸ ਪ੍ਰੋਗਰਾਮ ਦੇ ਗੇਟ 'ਤੇ ਹੀ ਬੇਰੁਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਦੇ ਚੱਲਦੇ ਵਿਜੈ ਇੰਦਰ ਸਿੰਗਲਾ ਨੂੰ ਆਪਣੀਆਂ ਗੱਡੀਆਂ ਦਾ ਕਾਫ਼ਲਾ ਪਿੱਛੇ ਹੀ ਰੋਕਣਾ ਪਿਆ ਅਤੇ 20 ਤੋਂ 25 ਮਿੰਟ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਪਿਆ।
ਬਰਨਾਲਾ ਪੁਲਿਸ ਵੱਲੋਂ ਜਿਉਂ ਹੀ ਬੇਰੁਜ਼ਗਾਰ ਅਧਿਆਪਕਾਂ ਨੂੰ ਕਾਫ਼ਲੇ ਦੇ ਅੱਗੇ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਆਪਣਾ ਰੋਸ ਜ਼ਾਹਿਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਵਿਜੈ ਇੰਦਰ ਸਿੰਗਲਾ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਫੀ ਸਮਾਂ ਰੁਕਣ ਦੇ ਬਾਅਦ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਕਾਫਲਾ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਗੱਲ ਸੁਣੇ ਬਿਨ੍ਹਾਂ ਹੀ ਅੱਗੇ ਨਿਕਲ ਗਿਆ ਅਤੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਗਏ ਘਿਰਾਓ ਦਾ ਗੁੱਸਾ ਮੰਤਰੀ ਸਿੰਗਲਾ ਨੇ ਬਰਨਾਲਾ ਪੁਲਿਸ 'ਤੇ ਕੱਢ ਦਿੱਤਾ।
ਸਿੱਖਿਆ ਮੰਤਰੀ ਸਿੰਗਲਾ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਖਿਲਾਫ਼ ਗੰਦੀ ਸ਼ਬਦਾਵਲੀ ਵਰਤਦੇ ਹੋਏ ਡੀਐੱਸਪੀ ਬਰਨਾਲਾ ਨੂੰ ਕਿਹਾ ਕਿ ਉਹ ਇਨ੍ਹਾਂ ਅਧਿਆਪਕਾਂ ਨੂੰ ਚੁੱਕ ਕੇ ਬਾਹਰ ਸੁੱਟ ਦੇਣਾ। ਜਿਸ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਸਿੱਖਿਆ ਮੰਤਰੀ ਵੱਲੋਂ ਬੋਲੀ ਗਈ ਇਸ ਗੱਦੀ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਪੜ੍ਹੇ ਲਿਖੇ ਲੋਕ ਹਨ ਅਤੇ ਸਾਡੇ ਵੱਲੋਂ ਚੁਣਿਆ ਗਿਆ ਨੇਤਾ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਰਿਹਾ ਹੈ, ਜੋ ਬਹੁਤ ਹੀ ਨਿੰਦਨਯੋਗ ਹੈ। ਉਹ ਆਪਣੀ ਸਹੀ ਮੰਗ ਸਰਕਾਰ ਤੋਂ ਕਰ ਰਹੇ ਹਨ, ਪ੍ਰੰਤੂ ਸਰਕਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਆਉਣ ਵਾਲੀ 15 ਤਰੀਕ ਨੂੰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦਾ ਮੁੜ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜੋ: ਬਰਨਾਲਾ ਵਿੱਚ ਸਿੱਖਿਆ ਮੰਤਰੀ ਦਾ ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਘਿਰਾਓ
ਇਸ ਸਾਰੇ ਮਾਮਲੇ ਸਬੰਧੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਸ ਨੂੰ ਸਿੱਖਿਆ ਮੰਤਰੀ ਬਣੇ ਥੋੜ੍ਹਾ ਸਮਾਂ ਹੋਇਆ ਹੈ। ਇਹ ਬੇਰੁਜ਼ਗਾਰ ਅਧਿਆਪਕ ਹਰ ਰੋਜ਼ ਧਰਨਾ ਲਗਾ ਕੇ ਬੈਠ ਜਾਂਦੇ ਹਨ। ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਹਨ ਅਤੇ ਉਸ ਦੇ ਬਾਅਦ ਫਿਰ ਧਰਨੇ 'ਤੇ ਬੈਠ ਜਾਂਦੇ ਹਨ। ਇਸ ਤਰੀਕੇ ਇਹ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।