ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਸਬੰਧਤ ਇੱਕ ਵਿਅਕਤੀ ਨਾਲ ਮੋਗਾ ਰੋਡ 'ਤੇ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ਵਿਖੇ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਭਖ ਗਿਆ। ਇਸਦੇ ਰੋਸ ਵਜੋਂ ਕਿਸਾਨ ਜੱਥੇਬੰਦੀ ਵਲੋਂ ਕਰੀਬ ਇੱਕ ਘੰਟੇ ਲਈ ਟੋਲ ਪਰਚੀ ਬੰਦ ਕਰਵਾ ਕੇ ਟੋਲ ਨੂੰ ਫਰੀ ਕਰ ਦਿੱਤਾ ਗਿਆ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਪਿੰਡ ਫਰਵਾਹੀ ਦੀ ਇਕਾਈ ਦੇ ਜਰਨਲ ਸਕੱਤਰ ਗੁਰਦਰਸ਼ਨ ਸਿੰਘ ਦਿਓਲ ਆਪਣੇ ਪਰਿਵਾਰ ਸਮੇਤ ਜਥੇਬੰਦੀ ਦੇ ਰੁਝੇਵੇਂ ਲਈ ਜਾ ਰਹੇ ਸਨ। ਜਦ ਉਹ ਟੋਲ ਪਲਾਜ਼ਾ 'ਤੇ ਆਏ ਤਾਂ ਟੋਲ ਅਧਿਕਾਰੀਆਂ ਨੇ ਓਹਨਾਂ ਨਾਲ ਬਦਸਲੂਕੀ ਕੀਤੀ। ਜੱਥੇਬੰਦੀ ਦਾ ਸ਼ਨਾਖਤੀ ਕਾਰਡ ਹੋਣ ਦੇ ਬਾਵਜੂਦ ਕਾਰਡ ਨੂੰ ਜ਼ਾਅਲੀ ਦੱਸ ਮੋਬਾਈਲ ਫੋਨ ਤੱਕ ਖੋਹ ਲਿਆ। ਇਸੇ ਦੇ ਰੋਸ ਵਜੋਂ ਹੀ ਉਹਨਾਂ ਨੂੰ ਟੋਲ ਨੂੰ ਬੰਦ ਕਰਨਾ ਪਿਆ ਹੈ।
ਉਨ੍ਹਾਂ ਕਿਹਾ ਕਿ ਟੋਲ ਅਧਿਕਾਰੀਆਂ ਦੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਕਰੀਬ ਇੱਕ ਘੰਟੇ ਬਾਅਦ ਜੱਥੇਬੰਦੀ ਦੇ ਦਬਾਅ ਦੇ ਅੱਗੇ ਝੁਕਦਿਆਂ ਟੋਲ ਅਧਿਕਾਰੀਆਂ ਨੇ ਲਿਖਤੀ ਰੂਪ ਵਿੱਚ ਅਹਿਸਾਸ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਨਾਖਤੀ ਕਾਰਡ ਵਾਲੇ ਕਿਸੇ ਵੀ ਆਗੂ ਨੂੰ ਟੋਲ ਟੈਕਸ ਦੇਣ ਲਈ ਨਹੀਂ ਰੋਕਿਆ ਜਾਵੇਗਾ। ਟੋਲ ਪਲਾਜ਼ਾ ਦੇ ਮੁਲਾਜਮਾਂ ਵੱਲੋਂ ਅਹਿਸਾਸ ਕਰਨ ਤੋਂ ਬਾਅਦ ਹੀ ਟੋਲ ਪਲਾਜ਼ਾ ਦੁਬਾਰਾ ਚਾਲੂ ਕੀਤਾ ਗਿਆ। ਇਸ ਸਮੇਂ ਕਿਸਾਨ ਆਗੂ ਹਰਮੰਡਲ ਸਿੰਘ ਜੋਧਪੁਰ, ਬਿੱਟੂ ਜਾਗਲ ਸੰਧੂ ਪੱਤੀ, ਇੰਦਰਪਾਲ ਸਿੰਘ ਭੱਠਲ ਕੋਠੇ ਬਰਨਾਲਾ, ਨਿਰਮਲ ਭੱਠਲ, ਜੁਗਰਾਜ ਬਾਜਵਾ, ਮੇਲਾ ਸਿੰਘ ਖੁੱਡੀ ਕਲਾਂ ਆਦਿ ਹਾਜਰ ਸਨ।
ਇਹ ਵੀ ਪੜ੍ਹੋ: ਜਲੰਧਰ ਦੇ ਇੱਕ ਵਿਅਕਤੀ ਨੂੰ ਬਿਸ਼ਨੋਈ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ