ਬਰਨਾਲਾ : ਬੀਤੀ ਦੇਰ ਰਾਤ ਬਰਨਾਲਾ ਵਿਖੇ ਗਊਆਂ ਦੀ ਤਸਕਰੀ ਕਰਨ ਵਾਲੇ ਦੋ ਟਰੱਕ ਚਾਲਕ ਕਾਬੂ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਗਊ ਰੱਖਿਅਕਾਂ ਵੱਲੋਂ ਬੀਤੀ ਰਾਤ ਸਮੇਂ ਗਊਆਂ ਦੀ ਤਸਕਰੀ ਕਰ ਰਹੇ 2 ਵਿਅਕਤੀਆਂ ਸਮੇਤ ਗਊ-ਵੱਛੇ ਨਾਲ ਭਰਿਆ ਟਰੱਕ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਤਸਕਰੀ ਕਰਨ ਲਈ ਲੈਕੇ ਜਾ ਰਹੇ ਟਰੱਕ ਵਿੱਚ ਕਰੀਬ 13 ਪਸ਼ੂ ਸਨ। ਜਿੰਨਾ ਵਿੱਚ 10 ਗਾਵਾਂ ਤੇ 3 ਵੱਛੇ ਵੀ ਸਨ।
ਪੁਲਿਸ ਅਜਿਹੇ ਮਾਮਲਿਆਂ ਨੂੰ ਕਰਦੀ ਹੈ ਅਣਗੋਲਿਆਂ: ਇਸ ਮਾਮਲੇ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਬਰਨਾਲਾ ਪੁਲਿਸ ਨੇ ਵਿਅਕਤੀਆਂ ਖ਼ਿਲਾਫ਼ ਪਸ਼ੂ ਐਕਟ ਤਹਿਤ ਕੇਸ ਦਰਜ ਕੀਤਾ ਹੈ।ਇਸ ਸਬੰਧੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਜੈ ਮਾਰਵਾੜੀ ਨੇ ਦੱਸਿਆ ਕਿ ਬੀਤੀ ਰਾਤ ਬਰਨਾਲਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗਊ ਰੱਖਿਅਕਾਂ ਵੱਲੋਂ ਸੂਚਨਾ ਦੇ ਆਧਾਰ 'ਤੇ ਬਰਨਾਲਾ ਸ਼ਹਿਰ 'ਚੋਂ ਪਸ਼ੂਆਂ ਨਾਲ ਭਰਿਆ ਇੱਕ ਟਰੱਕ ਗਊ ਤਸਕਰਾਂ ਵੱਲੋਂ ਲਿਜਾਇਆ ਜਾ ਰਿਹਾ ਸੀ। ਜਿਸ ਦੇ ਆਧਾਰ 'ਤੇ ਗਊ ਰੱਖਿਅਕਾਂ ਨੇ ਕਾਫੀ ਮੁਸ਼ੱਕਤ ਨਾਲ ਟਰੱਕ ਨੂੰ ਘੇਰ ਕੇ ਰੋਕਿਆ ਅਤੇ ਉਸ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕੀਤਾ ਗਿਆ।
ਉਹਨਾਂ ਕਿਹਾ ਕਿ ਗਊਆਂ ਦੀ ਤਸਕਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਿਸ 'ਤੇ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੌਕਸੀ ਰੱਖਣੀ ਚਾਹੀਦੀ ਹੈ ਤਾਂ ਜੋ ਇਸ ਤਸਕਰੀ ਨੂੰ ਰੋਕਿਆ ਜਾ ਸਕੇ। ਉਹਨਾਂ ਪੁਲਿਸ ਪ੍ਰਸ਼ਾਸਨ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ ਪਰ ਬਾਵਜੂਦ ਇਸ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਕਰਕੇ ਅਜਿਹੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਤਰ੍ਹਾਂ ਇਨਸਾਨੀ ਤਸਕਰੀ ਅਤੇ ਇਨਸਾਨਾਂ ਖਿਲਾਫ ਹੁੰਦੇ ਅਪਰਾਧਿਕ ਮਾਮਲਿਆਂ ਤਹਿਤ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਉਸ ਤਰ੍ਹਾਂ ਹੀ ਲੋੜ ਹੈ ਬੇਜ਼ੁਬਾਨ ਜਾਨਵਰਾਂ ਨਾਲ ਧੱਕਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ,ਤਾਂ ਜੋ ਮੁੜ ਕੇ ਅਜਿਹਾ ਨਾ ਹੋ ਸਕੇ।
ਪਸ਼ੂਆਂ ਦੀ ਜਾਂਚ ਤੋਂ ਬਾਅਦ ਭੇਜਿਆ ਗਿਆ ਗਊਸ਼ਾਲਾ : ਉਥੇ ਹੀ ਇਸ ਮੌਕੇ ਗਾਵਾਂ ਦੀ ਜਾਂਚ ਕਰਨ ਪਹੁੰਚੇ ਵੈਟਰਨਰੀ ਡਾਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਫ੍ਹੜੇ ਗਏ ਇਹਨਾਂ ਪਸ਼ੂਆਂ ਨੂੰ ਸੁਰੱਖਿਅਤ ਬਰਨਾਲਾ ਦੀ ਗਊਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਵਿਸ਼ੇਸ਼ ਵੈਟਰਨਰੀ ਡਾਕਟਰਾਂ ਦੀ ਟੀਮ ਬਣਾ ਕੇ ਇਨ੍ਹਾਂ ਫੜੇ ਗਏ ਪਸ਼ੂਆਂ ਦੀ ਜਾਂਚ ਕੀਤੀ ਗਈ। ਸਾਰੇ ਪਸ਼ੂ ਸੁਰੱਖਿਅਤ ਹਨ ਪਰ ਇਹ ਪਸ਼ੂ ਦੁੱਧ ਨਹੀਂ ਦੇ ਰਹੇ, ਹੋ ਸਕਦਾ ਹੈ ਇਸ ਕਾਰਨ ਹੀ ਇਹਨਾਂ ਨੂੰ ਕਿਸੇ ਥਾਂ 'ਤੇ ਲਿਜਾਇਆ ਜਾ ਰਿਹਾ ਹੋਵੇ।
ਉਧਰ ਦੂਜੇ ਪਾਸੇ ਇਸ ਪੂਰੇ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਸਿਟੀ ਥਾਣਾ-2 ਦੇ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ 'ਚੋਂ ਪਸ਼ੂਆਂ ਨਾਲ ਭਰਿਆ ਟਰੱਕ ਲਿਜਾਇਆ ਜਾ ਰਿਹਾ ਹੈ, ਜਿਸ ਨੂੰ ਮੌਕੇ 'ਤੇ ਜਾ ਕੇ ਕਾਬੂ ਕਰ ਲਿਆ ਗਿਆ ਅਤੇ ਉਸ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕਰਕੇ ਪਸ਼ੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਤਸਕਰੀ ਕੀਤੇ ਪਸ਼ੂਆਂ ਨੂੰ ਸੁਰੱਖਿਅਤ ਗਊਸ਼ਾਲਾ ਵਿਖੇ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਈ ਉਸ ਨੂੰ ਅਮਲ ਵਿੱਚ ਲਿਆਉਂਦਾ ਜਾਵੇਗਾ।