ਅੰਮ੍ਰਿਤਸਰ: ਇੱਕ ਪਾਸੇ ਭਾਰਤ ਪਾਕਿ ਸਿਮਾ 'ਤੇ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ ਤੇ ਦੁਜੇ ਪਾਸੇ ਫ਼ੌਜ ਨੇ ਵੀ ਸਰਹੱਦ 'ਤੇ ਸੁਰੱਖਿਆਂ ਹੋਰ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ ਬੀ.ਐੱਸ.ਐੱਫ਼ ਨੇ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਾਹਿਦ ਅਲੀ ਨਾਂਅ ਦੇ ਨੌਜਵਾਨ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਭਾਰਤ-ਪਾਕਿ ਵਿੱਚਲੇ ਲੱਗੀ ਕੰਡਿਆਲੀ ਤਾਰ ਪਾਰ ਕਰ ਰਿਹਾ ਸੀ।
ਬੀ.ਐੱਸ.ਐੱਫ. ਨੇ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੋਸ਼ੀ ਕੋਲੋਂ ਕੁੱਝ ਪਾਕਿਸਤਾਨੀ ਦਸਤਾਵੇਜ਼ ਤੇ ਸੱਕੀ ਤਸਵੀਰਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ ਦੋਸ਼ੀ ਪਾਕਿਸਤਾਨ ਤੋਂ ਅੱਤਵਾਦੀਆਂ ਕੋਲੋਂ ਜਿਹਾਦ ਦੀ ਟ੍ਰੇਨਿੰਗ ਲੈਣ ਜਾ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਸ਼ਾਹਿਦ ਅਲੀ ਪਾਕਿਸਤਾਨ ਵਿੱਚ ਬੈਠੇ ਅੱਤਵਾਦੀਆਂ ਦੇ ਲਗਾਤਾਰ ਸੰਪਰਕ ਵਿੱਚ ਸੀ ਤੇ ਪਾਕਿਸਤਾਨ ਕੋਲੋਂ ਹਥਿਆਰ ਚਲਾਉਣ ਦੀ ਟ੍ਰੇਨਿੰਗ ਲੈਣ ਜਾ ਰਿਹਾ ਸੀ। ਪੁਲਿਸ ਨੇ ਇਹ ਵੀ ਖ਼ੁਲਾਸ਼ਾ ਕੀਤਾ ਕਿ ਸ਼ਾਹਿਦ ਕੋਲੋ ਪੁੱਛ-ਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਨਾਲ ਵਾਟਸ ਐਪ ਰਾਹੀਂ ਸੰਪਰਕ ਵਿੱਚ ਸੀ।
ਪੁਲਿਸ ਦਾ ਕਹਿਣਾ ਹੈ ਕਿ ਸ਼ਾਹਿਦ ਕੋਲੋਂ ਕੁੱਝ ਦਸਤਾਵੇਜ਼ ਤੇ ਪਾਕਿਸਤਾਨ ਦੀਆਂ ਕੁੱਝ ਤਸਵੀਰਾਂ ਵੀ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੀ ਇੱਕ ਡਾਇਰੀ ਵੀ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਪਾਕਿਸਤਾਨ ਦੇ ਅੱਤਵਾਦੀਆਂ ਦੇ ਨਾਂਅ ਲਿਖੇ ਹੋਏ ਹਨ। ਪੁਲਿਸ ਨੇ ਦੱਸਿਆ ਕਿ ਸ਼ਾਹਿਦ ਅਲੀ ਕਸ਼ਮੀਰ ਵਿੱਚ ਪੇਂਟ ਦਾ ਕੰਮ ਕਰ ਰਿਹਾ ਸੀ ਤੇ ਉੱਥੇ ਹੀ ਉਸ ਦਾ ਸੰਪਰਕ ਕੁੱਝ ਕਸ਼ਮੀਰੀ ਸੰਗਠਨਾਂ ਅਤੇ ਪਾਕਿਸਤਾਨੀ ਅੱਤਵਾਦੀਆਂ ਨਾਲ ਹੋਇਆ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਪੁਲਿਸ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਵਰਤ ਰਹੀ ਹੈ ਤੇ ਕੇਸ ਨੂੰ ਕਈ ਪੱਖਾਂ ਤੋਂ ਵਿਚਾਰਿਆ ਜਾ ਰਿਹਾ ਹੈ।