ਅੰਮ੍ਰਿਤਸਰ: ਬੁੱਧਵਾਰ ਨੂੰ ਪੰਜਾਬ ਪੁਲਿਸ ਦੇ Organized Crime Control Unit ਵੱਲੋਂ ਲੁਧਿਆਣਾ ਦੇ ਡੇਹਲੋਂ ਵਿੱਚ ਮੁਠਭੇੜ ਦੌਰਾਨ ਇੱਕ ਨਾਮੀ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਅਮਨਵੀਰ ਸਿੰਘ ਉਰਫ਼ ਲਾਲੀ ਚੀਮਾ ਨਾਮੀ ਇਹ ਗੈਂਗਸਟਰ ਸੁੱਖਾ ਕਾਹਲਵਾਂ ਗਰੁੱਪ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਪੁਲਿਸ ਨਾਲ ਹੋਈ ਕਰਾਸ ਫ਼ਾਇਰਿੰਗ ਦੌਰਾਨ ਗੈਂਗਸਟਰ ਦੀ ਲੱਤ 'ਤੇ ਗੋਲੀ ਵੀ ਲੱਗੀ ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਮੁਤਾਬਕ ਇਹ ਦੋਵੇਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।
ਜਾਣਕਾਰੀ ਮੁਤਾਬਕ ਮਈ, 2018 ਵਿੱਚ ਇਸੇ ਗੈਂਗਸਟਰ ਨੇ ਕਾਂਗਰਸ ਵਿਧਾਇਕ ਨਵਤੇਜ ਚੀਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਡੇਹਲੋਂ ਵਿੱਚ ਹੋਈ ਮੁਠਭੇੜ ਦੌਰਾਨ ਪੁਲਿਸ ਨੇ ਇਸ ਨੂੰ ਧਰ ਦਬੋਚਿਆ ਅਤੇ ਉਸ ਦੇ ਇੱਕ ਸਾਥੀ ਕੁਲਦੀਪ ਕਾਕਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਇਨ੍ਹਾਂ ਦਾ ਤੀਜਾ ਸਾਥੀ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ।
ਇਸ ਦੌਰਾਨ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਤੇ ਅਪਰਾਧੀਆਂ 'ਤੇ ਨਕੇਲ ਕੱਸਣ ਲਈ ਖਾਸ ਯੋਜਨਾ ਤਿਆਰ ਕੀਤੀ ਗਈ ਹੈ।