ਅੰਮ੍ਰਿਤਸਰ: ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਪਾਵਨ ਅਸਥਾਨ ਡੱਲਾ ਸਾਹਿਬ ਵਿਖੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਹੇ ਕੇਂਦਰ ਦੇ ਸਿਖਲਾਈ ਅਧਿਆਪਕ ਭਾਈ ਅੰਮ੍ਰਿਤਪਾਲ ਸਿੰਘ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਗਈ।
ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਪਾਵਨ ਅਸਥਾਨ ਡੱਲਾ ਸਾਹਿਬ ਵਿਖੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਈ ਇੰਦਰ ਸਿੰਘ ਦੇਸ਼ ਅਤੇ ਪੰਥ ਦੇ ਮਹਾਨ ਕ੍ਰਾਂਤੀਕਾਰੀ ਸੂਰਮੇ ਸਨ, ਜਿਨ੍ਹਾਂ ਦੀ ਮਹਾਨ ਦੇਣ ਹੈ। ਉਨ੍ਹਾਂ ਬੱਚਿਆਂ ਦੀ ਸੇਵਾ ਅਤੇ ਨਿਸ਼ਕਾਮ ਗੁਰਮਿਤ ਸੰਗੀਤ ਲਈ ਆਪਣੇ ਘਰ ਦਾ ਦਾਨ ਦਿੱਤਾ ਸੀ। ਉਸ ਤੋਂ ਬਾਅਦ ਗਿਆਨੀ ਫੌਜਾ ਸਿੰਘ ਅਤੇ ਗਿਆਨੀ ਮਨਜੀਤ ਸਿੰਘ ਖਜ਼ਾਨਚੀ ਵੱਲੋਂ ਬਹੁਤ ਵਧੀਆ ਅਤੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਸਮੂਹ ਨਗਰ ਨਿਵਾਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਨ.ਆਰ.ਆਈ ਵੀਰ ਸਹਿਯੋਗ ਦੇ ਰਹੇ ਹਨ।
ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਕਲਾ ਕੇਂਦਰ ਵਿੱ 85 ਦੇ ਕਰੀਬ ਬੱਚੇ ਗੁਰਮਿਤ ਸੰਗੀਤ, ਗੱਤਕਾ, ਦਸਤਾਰ, ਗੁਰਬਾਣੀ-ਸੰਥਿਆ ਦੀ ਨਿਸ਼ਕਾਮ ਸਿੱਖਿਆ ਲੈ ਰਹੇ ਹਨ। ਸਾਰੇ ਵਿਦਿਆਰਥੀ ਇਸ ਕੇਂਦਰ ਵਿੱਚ ਸਿੱਖਿਆ ਲੈਣ ਵੇਲੇ ਆਨੰਦਮਈ ਮਾਹੌਲ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਵਾਹਿਗੁਰੂ ਕਿਰਪਾ ਕਰਨ ਕਿ ਇਹ ਬੱਚੇ ਆਉਣ ਵਾਲੇ ਸਮੇਂ ਵਿੱਚ ਪ੍ਰਸਿੱਧ ਕੀਰਤਨੀਏ, ਪ੍ਰਚਾਰਕ ਅਤੇ ਮਹਾਨ ਵਿਦਵਾਨ ਬਣਨ।