ਅੰਮ੍ਰਿਤਸਰ: ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਨਰਾਇਣਗੜ੍ਹ ਸਥਿਤ ਹੇਤ ਰਾਮ ਕਾਲੋਨੀ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ੁੱਕਰਵਾਰ ਸ਼ਾਮ ਗੁਆਂਢੀ ਆਪਸ ਵਿਚ ਭਿੜ ਗਏ। ਕੁੱਟਮਾਰ ਦੌਰਾਨ ਦੋਵਾਂ ਪਾਸਿਆਂ ਤੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿਚ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਆਂਢੀ ਤਰਸੇਮ ਸਿੰਘ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ ਤੇ ਆਏ ਦਿਨ ਉਨ੍ਹਾਂ ਨਾਲ ਗਾਲੀ ਗਲੋਚ ਕਰਦਾ ਹੈ। ਸ਼ੁੱਕਰਵਾਰ ਸ਼ਾਮ ਜਦ ਉਹ ਘਰ ਵਿਚ ਸਨ ਤਾਂ ਗੁਆਂਢੀ ਤਰਸੇਮ ਸਿੰਘ ਤੇ ਉਸ ਦੇ ਪਰਿਵਾਰ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਤਰਸੇਮ ਸਿੰਘ, ਉਸ ਦੇ ਬੇਟੇ ਰਜਿੰਦਰ ਸਿੰਘ ਤੇ ਬੇਟੀ ਪਰਮਿੰਦਰ ਕੌਰ ਨੇ ਉਨ੍ਹਾਂ 'ਤੇ ਕਿਰਚ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: ਕੁੱਟਮਾਰ ਦੌਰਾਨ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ, ਪੁਲਿਸ ਦੀ ਢਿੱਲੀ ਕਾਰਵਾਈ
ਦੂਜੇ ਪਾਸੇ ਤਰਸੇਮ ਸਿੰਘ ਨੇ ਵੀ ਕਿਹਾ ਕਿ ਗੁਆਂਢੀ ਮਨਪ੍ਰੀਤ ਸਿੰਘ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ ਤੇ ਆਏ ਦਿਨ ਗਲੀ ਵਿਚ ਉਨ੍ਹਾਂ ਨਾਲ ਗਾਲੀ ਗਲੋਚ ਕਰਦਾ ਹੈ। ਛੇਹਰਟਾ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਛੇਤੀ ਹੀ ਮਾਮਲਾ ਦਰਜ ਕੀਤਾ ਜਾਵੇਗਾ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।