ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਲਾਹੌਰ ਹਾਈ ਕੋਰਟ ਨੇ ਗ੍ਰਿਫਤਾਰੀ ਦੀ ਕਾਰਵਾਈ ਵੀਰਵਾਰ ਸਵੇਰ ਤੱਕ ਰੋਕਣ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੋ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਅਦਾਲਤ ਅੰਦਰ ਪੇਸ਼ ਨਹੀਂ ਹੋਏ ਤਾਂ ਹੁਣ ਉਸ ਨੂੰ ਗ੍ਰਿਫਤਾਰ ਕਰਨ ਦੀ ਇੱਕ ਤਾਜ਼ਾ ਕੋਸ਼ਿਸ਼ ਵਿੱਚ ਪੰਜਾਬ ਰੇਂਜਰਾਂ ਦੀ ਇੱਕ ਟੁਕੜੀ ਇੱਥੇ ਜ਼ਮਾਨ ਪਾਰਕ ਵਿੱਚ ਖਾਨ ਦੀ ਰਿਹਾਇਸ਼ ਦੇ ਬਾਹਰ ਪੁਲਿਸ ਵਿੱਚ ਸ਼ਾਮਲ ਹੋ ਗਈ ਸੀ। ਲਾਹੌਰ ਦੇ ਜ਼ਮਾਨ ਪਾਰਕ ਇਲਾਕੇ ਵਿੱਚ ਜੰਗ ਦੇ ਮੈਦਾਨ ਵਰਗਾ ਨਜ਼ਾਰਾ ਹੈ, ਜਿੱਥੇ ਖ਼ਾਨ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਤੋਂ ਬਾਅਦ ਸੜਕਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ ਝੜਪ ਵਿੱਚ ਦਰਜਨਾਂ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਖਾਨ ਬੁੱਧਵਾਰ ਨੂੰ ਇਸ ਹਾਈ-ਪ੍ਰੋਫਾਈਲ ਇਲਾਕੇ 'ਚ ਸਥਿਤ ਆਪਣੀ ਰਿਹਾਇਸ਼ 'ਤੇ ਨਜ਼ਰਬੰਦ ਰਹੇ, ਜਦੋਂ ਕਿ ਸਰਕਾਰ ਨੇ ਪੁਲਸ ਕਰਮਚਾਰੀਆਂ ਦੀ ਮਦਦ ਲਈ ਰੇਂਜਰਾਂ ਨੂੰ ਭੇਜਿਆ ਕਿਉਂਕਿ ਖਾਨ ਨੂੰ ਗ੍ਰਿਫਤਾਰ ਕਰਨ ਲਈ ਆਈ ਪੁਲਸ ਟੀਮ ਦੇ ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਕਾਰਕੁਨ ਵੀ ਮੌਜੂਦ ਸਨ।
ਤੋਸ਼ਾਖਾਨਾ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਇਸਲਾਮਾਬਾਦ ਪੁਲਸ ਬਖਤਰਬੰਦ ਗੱਡੀਆਂ ਲੈ ਕੇ ਪੀਟੀਆਈ ਮੁਖੀ ਖਾਨ ਨੂੰ ਲਾਹੌਰ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰਨ ਪਹੁੰਚੀ। ਇਮਰਾਨ ਖਾਨ 'ਤੇ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਤੋਹਫ਼ੇ ਤੋਸ਼ਾਖਾਨੇ ਤੋਂ ਮਹਿੰਗੇ ਭਾਅ 'ਤੇ ਖਰੀਦਣ ਅਤੇ ਮੁਨਾਫੇ ਲਈ ਵੇਚਣ ਦਾ ਇਲਜ਼ਾਮ ਹੈ। ਉਸ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ 'ਸਪੱਸ਼ਟ ਤੌਰ 'ਤੇ ਗ੍ਰਿਫਤਾਰੀ ਦਾ ਦਾਅਵਾ ਸਿਰਫ ਇਕ ਡਰਾਮਾ ਹੈ, ਕਿਉਂਕਿ ਅਸਲ ਇਰਾਦਾ ਅਗਵਾ ਕਰਨਾ ਅਤੇ ਕਤਲ ਕਰਨਾ ਹੈ। ਉਨ੍ਹਾਂ ਨੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਤੋਂ ਬਾਅਦ ਗੋਲੀਬਾਰੀ ਕੀਤੀ। ਮੈਂ ਬੀਤੀ ਸ਼ਾਮ ਇੱਕ ਬਾਂਡ 'ਤੇ ਦਸਤਖਤ ਕੀਤੇ, ਪਰ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਨੀਅਤ ਖ਼ਰਾਬ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜਦੋਂ ਖਾਨ ਤੋਸ਼ਾਖਾਨਾ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕਰਨ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਲਈ ਆਪਣੀ ਰਿਹਾਇਸ਼ 'ਤੇ ਪਹੁੰਚੇ ਤਾਂ ਪੁਲਸ ਨੇ ਉਥੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਭਜਾ ਦਿੱਤਾ।
ਸਥਿਤੀ ਦੇ ਵਿਗੜਨ ਦਾ ਅੰਦਾਜ਼ਾ ਲਗਾਉਂਦੇ ਹੋਏ, ਖਾਨ ਸਮੇਤ ਵੱਖ-ਵੱਖ ਪੀਟੀਆਈ ਨੇਤਾਵਾਂ ਨੇ ਪਾਰਟੀ ਵਰਕਰਾਂ ਨੂੰ ਜ਼ਮਾਨ ਪਾਰਕ ਵਿਖੇ ਇਕੱਠੇ ਹੋਣ ਦੀ ਅਪੀਲ ਕੀਤੀ, ਜਿੱਥੇ ਉਨ੍ਹਾਂ ਨੇ ਮਨੁੱਖੀ ਢਾਲ ਵਜੋਂ ਕੰਮ ਕੀਤਾ ਅਤੇ ਖਾਨ ਦੀ ਰਿਹਾਇਸ਼ ਅਤੇ ਪੁਲਿਸ ਵਿਚਕਾਰ ਖੜੇ ਹੋਏ। ਪੁਲਿਸ ਮੁਲਾਜ਼ਮਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਪਰ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਪੀਟੀਆਈ ਵਰਕਰ ਆਪਣੀ ਗੱਲ 'ਤੇ ਡਟੇ ਰਹੇ। ਖਾਨ ਨੇ ਟਵੀਟ ਕੀਤਾ ਕਿ ਕੱਲ੍ਹ ਸਵੇਰ ਤੋਂ ਸਾਡੇ ਵਰਕਰ ਅਤੇ ਲੀਡਰਸ਼ਿਪ ਅੱਥਰੂ ਗੈਸ, ਰਸਾਇਣਕ ਪਾਣੀ ਦੀਆਂ ਤੋਪਾਂ, ਰਬੜ ਦੀਆਂ ਗੋਲੀਆਂ ਅਤੇ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ। ਹੁਣ ਇੱਥੇ ਰੇਂਜਰ ਹਨ ਅਤੇ ਲੋਕਾਂ ਦਾ ਉਨ੍ਹਾਂ ਨਾਲ ਸਿੱਧਾ ਟਕਰਾਅ ਹੋਵੇਗਾ। ਉਨ੍ਹਾਂ ਕਿਹਾ, 'ਨਿਰਪੱਖ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਸ਼ਾਸਨ ਨੂੰ ਮੇਰਾ ਸਵਾਲ, ਕੀ ਇਹ ਤੁਹਾਡੀ ਨਿਰਪੱਖਤਾ ਹੈ ਕਿ ਰੇਂਜਰਾਂ ਨੂੰ ਸਿੱਧੇ ਤੌਰ 'ਤੇ ਨਿਹੱਥੇ ਪ੍ਰਦਰਸ਼ਨਕਾਰੀਆਂ ਅਤੇ ਸਭ ਤੋਂ ਵੱਡੀ ਸਿਆਸੀ ਪਾਰਟੀ ਦੀ ਲੀਡਰਸ਼ਿਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਨੇਤਾ ਵਿਰੁੱਧ ਗੈਰ-ਕਾਨੂੰਨੀ ਵਾਰੰਟ ਜਾਰੀ ਕੀਤਾ ਗਿਆ ਹੈ ਅਤੇ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਹੈ। ਬਦਮਾਸ਼ਾਂ ਦੀ ਇਹ ਸਰਕਾਰ ਆਪਣੇ ਨੇਤਾ ਨੂੰ ਅਗਵਾ ਕਰਕੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ?'
ਬੀਬੀਸੀ ਉਰਦੂ ਨਾਲ ਇੱਕ ਇੰਟਰਵਿਊ ਵਿੱਚ ਖਾਨ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਫੌਜੀ ਅਦਾਰੇ ਪੀਐਮਐਲ-ਐਨ ਦੇ ਸੁਪਰੀਮ ਲੀਡਰ ਨਵਾਜ਼ ਸ਼ਰੀਫ਼ ਨਾਲ ਕੀਤੇ ਕਥਿਤ ਵਾਅਦਿਆਂ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 'ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਸੈਨਾ ਮੁਖੀ ਪੀਡੀਐਮ ਸਰਕਾਰ ਦਾ ਸਮਰਥਨ ਕਿਉਂ ਕਰ ਰਹੇ ਹਨ, ਜਦਕਿ ਇਹ ਸਰਕਾਰੀ ਸੰਸਥਾ (ਫ਼ੌਜ) ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀ ਹੈ।'
ਇਹ ਵੀ ਪੜ੍ਹੋ: Imran Khan On His Arrest: ਗ੍ਰਿਫਤਾਰੀ ਨੂੰ ਲੈ ਕੇ ਬੋਲੇ ਇਮਰਾਨ ਖਾਨ, ਕਿਹਾ- ਮੇਰੀ ਗ੍ਰਿਫਤਾਰੀ ਲੰਡਨ ਦੀ ਯੋਜਨਾ ਦਾ ਹਿੱਸਾ