ਜਲੰਧਰ: ਜੇਕਰ ਇਨਸਾਨ ਦੇ ਅੰਦਰ ਕਲਾ ਹੋਵੇ ਤੇ ਉਹ ਕਦੀ ਛੁਪੀ ਨਹੀਂ ਰਹਿੰਦੀ, ਅਜਿਹਾ ਹੀ ਜਲੰਧਰ ਦੇ ਇੱਕ ਬੱਚੇ ਵਿੱਚ ਦੇਖਣ ਨੂੰ ਮਿਲਿਆ ਜੋ ਕਿ ਅਜੇ ਛੇਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਜਲੰਧਰ ਦੇ ਸ਼ਹਿਰ ਵਿੱਚ ਰਹਿ ਕੇ ਬੰਬੇ 'ਚ ਇੰਡਸਟਰੀ ਦੀ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ।
ਜੀ ਹਾਂ ਅਸੀਂ ਜਲੰਧਰ ਦੇ ਸਕਸ਼ਮ ਕਾਲੀਆ ਦੀ ਗੱਲ ਕਰ ਰਹੇ ਹਾਂ ਜੋ ਕਿ ਸਟਾਰ ਪਲੱਸ ਦੇ ਮਸ਼ਹੂਰ ਨਾਟਕ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਵਿੱਚ ਇੱਕ ਕਿਰਦਾਰ ਨਿਭਾ ਰਿਹਾ ਹੈ। ਸਕਸ਼ਮ ਆਪਣੀ ਕਲਾ ਅਤੇ ਮਿਹਨਤ ਦੇ ਬਲਬੂਤੇ ਬੰਬੇ ਤੋਂ ਚੱਲਣ ਵਾਲੇ ਟੀਵੀ ਸੀਰੀਅਲਜ਼ ਵਿੱਚ ਅਦਾਕਾਰੀ ਕਰ ਆਪਣੀ ਕਲਾ ਦਾ ਪ੍ਰਦਰਸ਼ਨ ਬਿਖੇਰ ਰਿਹਾ ਹੈ ਤੇ ਅੱਜ ਉਸ ਨੂੰ ਦੇਸ਼ ਦੇ ਹਰ ਘਰ ਵਿੱਚ ਟੀਵੀ ਉੱਤੇ ਵੇਖਿਆ ਜਾ ਰਿਹਾ ਹੈ।
ਈਟੀਵੀ ਨਾਲ ਖ਼ਾਸ ਗੱਲਬਾਤ ਦੌਰਾਨ ਸਕਸ਼ਮ ਕਾਲੀਆ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਡਾਂਸਿੰਗ ਦਾ ਸ਼ੌਂਕ ਸੀ, ਸਕੂਲ ਵਿੱਚ ਡਾਂਸ ਕਰਦੇ ਹੋਏ ਜਦੋਂ ਉਸ ਦੇ ਅਧਿਆਪਕ ਨੇ ਡਾਂਸ ਦੇ ਨਾਲ ਉਸ ਦੇ ਹਾਵ ਭਾਵ ਨੂੰ ਨੋਟਿਸ ਕੀਤਾ ਤਾਂ ਉਸ ਦੇ ਪਿਤਾ ਨੂੰ ਇਸ ਦੀ ਐਕਟਿੰਗ ਬਾਰੇ ਦੱਸਿਆ ਤੇ ਕਿਹਾ ਕਿ ਇਸ ਨੂੰ ਐਕਟਿੰਗ ਦੇ ਵਿੱਚ ਪਾ ਦਿਉ ਇਹ ਜ਼ਰੂਰ ਤਰੱਕੀ ਕਰੇਗਾ।
ਉਸ ਨੇ ਦੱਸਿਆ ਕਿ ਅਦਾਕਾਰੀ ਲਈ ਉਸ ਨੇ ਕਦੇ ਵੀ ਕੋਚਿੰਗ ਨਹੀਂ ਲਈ ਤੇ ਰੱਬ ਵੱਲੋਂ ਦਿੱਤੀ ਕਲਾ ਨਾਲ ਹੀ ਅੱਜ ਇੱਥੇ ਤੱਕ ਪਹੁੰਚਿਆ ਹੈ।
ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਆਪਣੇ ਬੇਟੇ ਦੀ ਇਸ ਮਾਮਲੇ ਵਿੱਚ ਮਦਦ ਕੀਤੀ ਤੇ ਉਸ ਨੂੰ ਸ਼ਾਰਟ ਮੂਵੀ ਜਾਂ ਹੋਰ ਐਕਟਿੰਗ ਦੇ ਸਬੰਧੀ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ ਅਤੇ ਇਕ ਆਨਲਾਈਨ ਐਡੀਸ਼ਨ ਵਿੱਚ ਸਕਸ਼ਮ ਦੀ ਸਿਲੈਕਸ਼ਨ ਹੋ ਗਈ। ਜਿਸ ਤੋਂ ਬਾਅਦ ਉਹ ਮਸ਼ਹੂਰ ਨਾਟਕ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ।
ਜਦੋਂ ਸਕਸ਼ਮ ਨੂੰ ਅਦਾਕਾਰੀ ਦੇ ਨਾਲ ਨਾਲ ਪੜ੍ਹਾਈ ਕਿਵੇਂ ਕਰਦੇ ਹੋ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸਭ ਮੈਨੇਜ਼ ਕਰ ਲੈਂਦਾ ਹੈ ਤੇ ਪ੍ਰੋਡਕਸ਼ਨ ਵੇਲੇ ਸਮਾਂ ਕੱਢ ਕੇ ਆਨਲਾਈਨ ਪੜ੍ਹਾਈ ਕਰ ਲੈਂਦਾ ਹੈ।
ਸਕਸ਼ਮ ਨੇ ਕਿਹਾ ਕਿ ਉਸ ਦੇ ਮਾਤਾ ਪਿਤਾ ਦੇ ਸਪੋਰਟ ਦੇ ਨਾਲ ਹੀ ਉਹ ਅੱਜ ਇੱਥੇ ਪੁੱਜਿਆ ਹੈ ਅਤੇ ਉਹ ਸਭ ਨੂੰ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਖੁਸ਼ ਰੱਖਣ ਤੇ ਮਿਹਨਤ ਕਰਨ ਦਾ ਸੰਦੇਸ਼ ਦਿੰਦਾ ਹੈ।
ਉੱਥੇ ਹੀ ਜਦੋਂ ਸਕਸ਼ਮ ਕਾਲੀਆ ਦੇ ਪਿਤਾ ਰਮਨ ਕਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਸਰ ਆਪਣੇ ਬੱਚਿਆਂ ਦੇ ਹੁਨਰ ਦੀ ਪਹਿਚਾਣ ਕਰਨੀ ਚਾਹੀਦੀ ਹੈ ਤੇ ਜੋ ਬੱਚਾ ਕਰਨਾ ਚਾਹੁੰਦਾ ਹੈ ਉਸ ਨੂੰ ਰੋਕਣ ਦੀ ਬਜਾਏ ਉਸਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਬੱਚੇ ਦੀ ਸਹਾਇਤਾ ਕਰਨਗੇ ਤਾਂ ਹੀ ਬੱਚਾ ਤਰੱਕੀ ਕਰ ਸਕਦਾ ਹੈ।