ਜਲੰਧਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲ੍ਹਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਕੈਂਟ ਰੇਲਵੇ ਸਟੇਸ਼ਨ ਜਲੰਧਰ 'ਤੇ ਅਣਮਿੱਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ।
ਜਿਸ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸੱਭਰਾ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਜੀ ਉਚੇਚੇ ਤੌਰ 'ਤੇ ਪਹੁੰਚੇ। ਜ਼ਿਕਰਯੋਗ ਹੈ ਕਿ 29 ਸਤੰਬਰ ਨੂੰ ਪੰਜਾਬ ਪੱਧਰ 'ਤੇ ਜਿਲ੍ਹਾਂ ਹੈਡਕੁਆਟਰਾਂ 'ਤੇ ਧਰਨੇ ਦੌਰਾਨ ਉਪ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਸੀ।
ਜਿਸ ਵਿੱਚ ਉਹਨਾਂ ਨੇ 20 ਦਿਨਾਂ ਵਿੱਚ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦੁਆਇਆ ਸੀ, ਪਰ ਇਹ ਸਿਰਫ਼ ਸਿਆਸੀ ਲਾਰੇ ਹੀ ਹੋ ਨਿਬੇੜੇ। ਇਸ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 20 ਦਸੰਬਰ ਤੋਂ ਪੰਜਾਬ ਵਿੱਚ ਚਾਰ ਥਾਂਵਾਂ 'ਤੇ ਰੇਲਾਂ ਦੇ ਚੱਕੇ ਜਾਮ ਕੀਤੇ ਹੋਏ ਹਨ।
ਅੱਜ ਜਿਲ੍ਹਾ ਜਲੰਧਰ ਵਿੱਚ ਰੇਲਵੇ ਸਟੇਸ਼ਨ ਜਲੰਧਰ ਵਿਖੇ ਮੋਰਚਾ ਖੋਲ੍ਹਿਆ ਗਿਆ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋਏ। ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ।
ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਮਾਸਟਰ ਪਲੇਨਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਖੇਤੀ ਵਾਸਤੇ ਯੂਰੀਆ ਅਤੇ ਡੀਏਪੀ ਖਾਦ ਦੀ ਕਿੱਲਤ ਦੂਰ ਕਰਨ। 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਤੇ ਹਵਾ ਪ੍ਰਦੂਸ਼ਣ ਐਕਟ 2020 ਤੁਰੰਤ ਰੱਦ ਕਰਨ, ਡਾ.ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ।
ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨਾਂ ਪੂਰੀਆਂ ਕੀਤੀਆਂ ਗਈਆਂ ਤਾਂ ਜੱਥੇਬੰਦੀ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰੇਗੀ।
ਇਸ ਧਰਨੇ ਵਿੱਚ ਸਤਨਾਮ ਸਿੰਘ ਰਾਈਵਾਲ ਲੋਹੀਆਂ ਜੋਨ ਪ੍ਰਧਾਨ, ਨਿਰਮਲ ਸਿੰਘ ਢੰਡੋਵਾਲ ਪ੍ਰਧਾਨ ਢੰਡੋਵਾਲ ਜ਼ੋਨ, ਜਰਨੈਲ ਸਿੰਘ ਰਾਮੇ ਸਕੱਤਰ ਜ਼ੋਨ ਸ਼ਾਹਕੋਟ ਮੇਜਰ ਸਿੰਘ ਪੱਡਾ, ਸੁਖਪ੍ਰੀਤ ਸਿੰਘ ਪੱਸਣ ਕਦੀਮ ਸਕੱਤਰ ਜਿਲਾ ਕਪੂਰਥਲਾ, ਜਿਲਾ ਪ੍ਰੈਸ ਸਕੱਤਰ ਕੋਟਲੀ ਗਾਜਰਾਂ ਅਤੇ ਦੋਨਾਂ ਜਿਲਿਆਂ ਤੋਂ ਅਣਗਿਣਤ ਕਿਸਾਨ ਮਜ਼ਦੂਰ, ਬੱਚੇ ਅਤੇ ਬੀਬੀਆਂ ਹਾਜ਼ਰ ਹੋਈਆਂ।
ਇਹ ਵੀ ਪੜ੍ਹੋ: ਅਗਲੇ ਬੁੱਧਵਾਰ ਮੁੜ ਹੋਵੇਗੀ ਉਗਰਾਹਾਂ ਜਥੇਬੰਦੀ ਦੀ ਸੀਐੱਮ ਚੰਨੀ ਨਾਲ ਬੈਠਕ