ਜਲੰਧਰ : ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਾਲ ਜਿਹੜਾ ਪਹਿਲਾ ਵਿਵਾਦ ਜੁੜਿਆ ਉਹ ਹੈ, ਚੰਡੀਗੜ੍ਹ ਤੋਂ ਦਿੱਲੀ ਤੱਕ ਦਾ ਸਫ਼ਰ 16 ਸੀਟਰ ਜੈਟ ਰਾਹੀਂ ਤੈਅ ਕਰਨਾ। ਮੰਗਲਵਾਰ ਨੂੰ ਨਵਜੋਤ ਸਿੱਧੂ ਦੇ ਟਵਿਟਰ ਹੈਂਡਲ 'ਤੇ ਤਸਵੀਰ ਆਉਣ ਮਗਰੋਂ ਹੀ ਵਿਵਾਦ ਸ਼ੁਰੂ ਹੋ ਗਿਆ।
ਵਿਵਾਦ ਭਖਣ ਦੇ 2 ਦਿਨ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਗ਼ਰੀਬ ਦਾ ਮੁੰਡਾ ਜੈਟ 'ਤੇ ਚੜ੍ਹ ਗਿਆ ਤਾਂ ਕੀ ਪ੍ਰਾਬਲਮ ਹੈ?
ਜ਼ਿਕਰਯੋਗ ਹੈ ਕਿ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਵਿਖੇ ਡੇਰਾ ਬੱਲਾਂ ਆਏ ਸੀ ਜਿੱਥੇ ਉਨ੍ਹਾਂ ਦਾ ਹੈਲੀਕਾਪਟਰ ਜਲੰਧਰ ਦੀ ਡੀਏਵੀ ਯੂਨੀਵਰਸਿਟੀ ਵਿਖੇ ਉਤਾਰਿਆ ਗਿਆ। ਇਸ ਮੌਕੇ ਜਦੋਂ ਉਹ ਬੱਚਿਆਂ ਨੂੰ ਮਿਲਣ ਲੱਗੇ ਤਾਂ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਵਿਰੋਧੀ ਧਿਰ ਇਸ ਗੱਲ 'ਤੇ ਨਿਸ਼ਾਨਾ ਚੁੱਕ ਰਹੀ ਹੈ ਕਿ ਤੁਸੀਂ ਚਾਰਟਰਡ ਜਹਾਜ਼ ਦਾ ਇਸਤੇਮਾਲ ਕੀਤਾ ਹੈ, ਇਸ ਦੇ ਜਵਾਬ ਵਿੱਚ ਚਰਨਜੀਤ ਚੰਨੀ ਨੇ ਕਿਹਾ ਕਿ ਜੇ ਗ਼ਰੀਬ ਦਾ ਬੱਚਾ ਜਹਾਜ਼ ਤੇ ਚੜ੍ਹ ਗਿਆ ਅਤੇ ਕੀ ਪ੍ਰਾਬਲਮ ਹੈ? ਪਰ ਇਹ ਪੁੱਛੇ ਜਾਣ 'ਤੇ ਕੀ ਜੈਟ ਦੀ ਇਹ ਸਵਾਰੀ ਨਿੱਜੀ ਖਰਚੇ 'ਤੇ ਹੋਈ ਹੈ ਕਿ ਸਰਕਾਰੀ ਖਰਚੇ 'ਤੇ, ਉਹ ਚੁੱਪ ਵੱਟ ਗਏ।
ਕੀ ਸੀ ਪੂਰਾ ਮਾਮਲਾ ?
ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ (CM Charanjit Singh Channi), ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ(Punjab Congress President Navjot Singh Sidhu), ਤੇ ਸਿੱਧੂ ਦਾ ਭਤੀਜਾ ਦਿੱਲੀ ਲਈ ਰਵਾਨਾ ਹੋਏ ਸਨ। ਇਸ ਸਬੰਧੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਸ ਦੌਰਾਨ ਦਿੱਲੀ ਰਵਾਨਾ ਹੋਣ ਸਮੇਂ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਸੀ , ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ 'ਇੰਨ ਲਾਈਨ ਆਫ਼ ਡਿਊਟੀ'।
ਵਿਰੋਧੀਆਂ ਦੇ ਨਿਸ਼ਾਨੇ 'ਤੇ ਚੰਨੀ
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਜਿੱਥੇ ਸਮਾਜ ਸੁਧਾਰਨ ਦੀ ਗੱਲ ਆਖਦੇ ਹਨ ਉੱਥੇ ਹੀ ਦੂਜੇ ਪਾਸੇ ਉਹ ਹਾਈਕਮਾਂਡ ਨੂੰ ਮਿਲਣ ਦੇ ਲਈ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਰ ਰਹੇ ਹਨ। ਇਸ ਨਾਲ ਕਾਂਗਰਸ ਦੀ ਮੰਸ਼ਾ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।
ਭਾਜਪਾ ਦੀ ਸੀਨੀਅਰ ਆਗੂ ਲਕਸ਼ਮੀ ਕਾਂਤਾ ਚਾਵਲਾ (Laxmi Kanta Chawla) ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਨਾਂ ਸਮੇਤ 16 ਸੀਟਰ ਵਾਲੇ ਚਾਰਟੇਡ ਜਹਾਜ 'ਚ ਸਿਰਫ 4 ਬੰਦੇ ਹੀ ਗਏ। ਨਾਲ ਹੀ ਤੰਜ ਕਸਦਿਆਂ ਕਿਹਾ ਸੀ, ਜਨਤਾ ਦਾ ਪੈਸਾ ਮੰਤਰੀਆਂ ਲਈ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ 108 ਐਂਬੂਲੈਂਸ ਦੇ 15 ਮੁਲਾਜ਼ਮਾਂ ਦੀ ਇਕ ਸਾਲ ਦੀ ਤਨਖਾਹ ਤੋਂ ਵੱਧ ਪੈਸੇ ਮੁੱਖ ਮੰਤਰੀ ਨੇ ਦਿੱਲੀ ਫੇਰੀ 'ਤੇ ਖਰਚੇ ਹਨ।
ਇਹ ਵੀ ਪੜ੍ਹੋਂ : ਚੰਨੀ ਦਾ ਚੌਪਰ ਵਿਵਾਦ ਜਾਰੀ!
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ (Media Advisor Ravin Thukral) ਨੇ ਨਵਜੋਤ ਸਿੰਘ ਸਿੱਧੂ ਦੇ ਟਵੀਟ (Tweet) 'ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਗਰੀਬਾਂ ਦੀ ਸਰਕਾਰ (Government) ਹੈ, ਜੋ 5 ਸੀਟਰ ਸਰਕਾਰੀ ਚੌਪਰ ਹੋਣ ਦੇ ਬਾਵਜੂਦ 16 ਸੀਟਰ ਜੈੱਟ ਵਿੱਚ ਦਿੱਲੀ ਗਏ ਸੀ, ਜਿਸ ਵਿੱਚ ਸਿਰਫ 4 ਲੋਕ ਸਨ। ਪਿਛਲੇ ਸਾਢੇ ਚਾਰ ਸਾਲਾਂ ਤੋਂ ਮੈਂ ਇਹ ਮੰਨਦਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ। ਰਵੀਨ ਠੁਕਰਾਲ ਨੇ ਅੱਗੇ ਲਿਖਿਆ ਕਿ ਹੈਰਾਨੀ ਕਿ ਅਜਿਹੀ ਲਗਜ਼ਰੀ ਲਈ ਕਿਸ ਨੇ ਖਰਚਾ ਕੀਤਾ ਹੈ, ਕੀ ਸਰਕਾਰ ਦੇ ਖਜ਼ਾਨੇ ਵਿੱਚੋਂ ਪੈਸਾ ਜਾ ਰਿਹਾ ਹੈ ਜਾਂ ਪੰਜਾਬ ਕਾਂਗਰਸ ਇਸ ਨੂੰ ਖਰਚ ਕਰ ਰਹੀ ਹੈ?