ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਚੱਕ ਰੋਤਾ ਵਿਖੇ ਵੱਡੀ ਗਿਣਤੀ 'ਚ ਵੋਟਰ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਜਲਦ ਤੋਂ ਜਲਦ ਮੂਲਭੂਤ ਸੁਵਿਧਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਵੋਟਰ ਕਾਰਡ, ਆਧਾਰ ਕਾਰਡ, ਰਾਸ਼ਨ ਕਾਰਡ ਸਣੇ ਸਾਰੇ ਹੀ ਦਸਤਾਵੇਜ਼ ਹਨ। ਉਨ੍ਹਾਂ ਦੱਸਿਆ ਕਿ ਇਥੇ ਲੋਕਾਂ ਕੋਲ ਰਹਿਣ ਲਈ ਪੱਕੇ ਘਰ ਨਹੀਂ ਹਨ ਅਤੇ ਪਿੰਡ ਦੇ ਕਈ ਲੋਕ ਟੈਂਟ 'ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਹਰ ਵਾਰ ਚੋਣਾਂ ਦੇ ਸਮੇਂ ਸਿਆਸੀ ਪਾਰਟੀਆਂ ਦੇ ਆਗੂ ਆ ਕੇ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਚੋਣਾਂ ਤੋਂ ਬਾਅਦ ਕੋਈ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਉਂਦਾ। ਲੋਕਾਂ ਵੱਲੋਂ ਪੱਕੇ ਮਕਾਨ, ਪੀਣ ਲਈ ਸਾਫ ਪਾਣੀ ਆਦਿ ਦੀ ਮੰਗ ਕੀਤੀ ਗਈ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਸ਼ਿਕਾਇਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਔਰਤਾਂ, ਮਰਦ ਤੇ ਬੱਚਿਆਂ ਸਣੇ 200 ਤੋਂ ਵੱਧ ਰਹਿੰਦੇ ਹਨ। ਇਹ ਲੋਕ ਤਰਸਯੋਗ ਹਾਲਤ 'ਚ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਸੁਵਿਧਾ ਨਹੀਂ ਮਿਲ ਰਹੀ। 8 ਮਹੀਨੇ ਪਹਿਲਾਂ ਸੂਬਾ ਸਰਕਾਰ ਵੱਲੋਂ ਪੱਕੇ ਮਕਾਨ ਦਿੱਤੇ ਜਾਣ ਦੀ ਗੱਲ ਆਖੀ ਗਈ ਸੀ। ਲੋਕਾਂ ਵੱਲੋਂ ਇਸ ਦੇ ਲਈ ਦਸਤਾਵੇਜ਼ ਪੂਰੇ ਕਰ ਦਿੱਤੇ ਗਏ ਹਨ ਪਰ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਉਹ ਅਜੇ ਵੀ ਟੈਂਟ 'ਚ ਰਹਿਣ ਲਈ ਮਜਬੂਰ ਹਨ। ਲੋਕਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਵਾਅਦਾ ਖਿਲਾਫ਼ੀ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਜਲਦ ਤੋਂ ਜਲਦ ਪਿੰਡ 'ਚ ਵਿਕਾਸ ਕਾਰਜ ਪੂਰੇ ਕੀਤੇ ਜਾਣ ਦੀ ਮੰਗ ਕੀਤੀ ਹੈ।