ਚੰਡੀਗੜ੍ਹ: ਅੱਜ ਕੱਲ੍ਹ ਪ੍ਰਦੂਸ਼ਣ ਦੀ ਸਮੱਸਿਆ ਵਧਦੀ ਜਾ ਰਹੀ ਹੈ ਤੇ ਲਗਾਤਾਰ ਇਸ 'ਤੇ ਚਰਚਾਵਾਂ ਵੇਖਣ ਨੂੰ ਵੀ ਮਿਲ ਰਹੀਆਂ ਹਨ। ਆਮ ਤੌਰ 'ਤੇ ਕਿਸਾਨਾਂ ਦੇ ਵੱਲੋਂ ਸਾੜੀ ਗਈ ਪਰਾਲੀ ਨਾਲ ਪੈਦਾ ਹੋਏ ਧੂੰਏ ਨੂੰ ਹੀ ਪ੍ਰਦੂਸ਼ਣ ਦਾ ਕਾਰਨ ਦੱਸਿਆ ਜਾਂਦਾ ਹੈ ਪਰ ਪ੍ਰਦੂਸ਼ਣ ਸਿਰਫ਼ ਪਰਾਲੀ ਸਾੜਨ ਦੇ ਨਾਲ ਹੀ ਨਹੀਂ ਸਗੋਂ ਹੋਰ ਵੀ ਕਈ ਅਜਿਹੇ ਕਾਰਨ ਹਨ ਜਿਨ੍ਹਾਂ ਨਾਲ ਪ੍ਰਦੂਸ਼ਣ ਫੈਲਦਾ ਹੈ, ਜਿਸ ਦਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ।
ਸੜਕਾਂ ਬਣਾਉਣ ਦਾ ਕੰਮ ਜੇਕਰ ਦੇਖਿਆ ਜਾਏ ਤਾਂ ਉਸਦੇ ਵਿੱਚ ਤਾਰਕੋਲ ਦਾ ਇਸਤੇਮਾਲ ਹੁੰਦਾ ਹੈ ਜਿਸ ਨਾਲ ਕਾਫ਼ੀ ਪ੍ਰਦੂਸ਼ਣ ਫੈਲਦਾ ਹੈ ਤੇ ਚੰਡੀਗੜ੍ਹ ਵਿੱਚ ਫ਼ਿਲਹਾਲ ਸੜਕਾਂ ਬਣਨ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵਧਿਆ ਹੋਇਆ ਹੈ।
ਇਸ ਬਾਬਤ ਜਦੋਂ ਵਾਤਾਰਣ ਵਿਭਾਗ ਦੇ ਡਾਇਰੈਕਟਰ ਦੇਵੇਂਦਰ ਦਲਾਈ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਰਾਲੀ ਸਾੜਨ ਕਰ ਕੇ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ ਪਰ ਇਸ ਵਿੱਚ ਸੜਕ ਬਣਾਉਣ ਦੇ ਚੱਲ ਰਹੇ ਕੰਮ ਦਾ ਕਿੰਨਾ ਕੁ ਅਸਰ ਹੈ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੈ। ਕਿਉਂਕਿ ਏਦਾਂ ਦਾ ਪ੍ਰੋਵੀਜ਼ਨ ਪਹਿਲਾਂ ਕਦੀ ਨਹੀਂ ਆਇਆ ਜਦੋਂ ਸੜਕ ਬਣਾਉਣ ਦੇ ਲਈ ਵੀ ਵਾਤਾਵਰਨ ਵਿਭਾਗ ਦੀ ਇਜਾਜ਼ਤ ਲਈ ਗਈ ਹੋਵੇ।
ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਰੂਲ ਅਜੇ ਤੱਕ ਨਹੀਂ ਬਣਿਆ ਹੈ ਪਰ ਈਟੀਵੀ ਦੀ ਵੱਲੋਂ ਸੜਕ ਨਿਰਮਾਣ ਵਿੱਚ ਇਸਤੇਮਾਲ ਹੋ ਰਹੇ ਤਾਰਕੋਲ ਤੋਂ ਹੋ ਰਹੇ ਪ੍ਰਦੂਸ਼ਣ ਬਾਰੇ ਬੋਲਦੇ ਹੋਏ ਦਵਿੰਦਰ ਦਲਾਈ ਨੇ ਕਿਹਾ ਕਿ ਇਹ ਵੀ ਇੱਕ ਗੰਭੀਰ ਮਸਲਾ ਹੈ ਅਸੀਂ ਪ੍ਰਦੂਸ਼ਣ ਦਾ ਸਾਰਾ ਦਾਰੋਮਦਾਰ ਕਿਸਾਨਾਂ ਦੀ ਸਾੜ੍ਹੀ ਹੋਈ ਪਰਾਲੀ ਦੇ ਉੱਤੇ ਨਹੀਂ ਸੁੱਟ ਸਕਦੇ। ਇਸ ਕਰਕੇ ਉਹ ਜਲਦ ਹੀ ਨਗਰ ਨਿਗਮ ਨੂੰ ਇਸ ਬਾਬਤ ਚਿੱਠੀ ਲਿਖ ਕੇ ਜਾਣਕਾਰੀ ਹਾਸਲ ਕਰਨਗੇ।
ਉਥੇ ਹੀ ਜਦੋਂ ਇਸ ਬਾਰੇ ਨਗਰ ਨਿਗਮ ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ 'ਚ ਰੋਡ ਮੇਨਟੀਨੈਂਸ ਦਾ ਕੰਮ ਖ਼ਤਮ ਹੋ ਗਿਆ ਹੈ ਅਤੇ ਅੱਜਕੱਲ੍ਹ ਦੇ ਪ੍ਰਦੂਸ਼ਣ ਨੂੰ ਲੈ ਕੇ ਉਹ ਚਿੰਤਤ ਹਨ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਸੜਕ ਨਿਰਮਾਣ ਵਿੱਚ ਇਸਤੇਮਾਲ ਹੋਣ ਵਾਲਾ ਤਾਰਕੌਲ ਵੀ ਪ੍ਰਦੂਸ਼ਣ ਫ਼ੈਲਾ ਸਕਦਾ ਹੈ।
ਉਨ੍ਹਾਂ ਕਿਹਾ ਨਗਰ ਨਿਗਮ ਵੱਲੋਂ ਇਸ ਦੀ ਕੋਈ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਵੀ ਨਹੀਂ ਹੈ।