ਚੰਡੀਗੜ੍ਹ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ 2020-21 ਦਾ ਬਜਟ ਪੇਸ਼ ਕੀਤਾ ਗਿਆ ਹੈ। ਮੱਧ ਵਰਗੀ ਪਰਿਵਾਰ ਦੇ ਲੋਕਾਂ ਨੇ ਇਸ ਨੂੰ ਆਮ ਲੋਕਾਂ ਦੇ ਹਿੱਤ 'ਚ ਨਾ ਦੱਸਦੇ ਹੋਏ ਇਸ ਦੀ ਨਿਖੇਧੀ ਕੀਤੀ ਹੈ।
ਆਮ ਬਜਟ ਉੱਤੇ ਈਟੀਵੀ ਭਾਰਤ ਦੀ ਟੀਮ ਨੇ ਸ਼ਹਿਰ ਦੇ ਮੱਧਵਰਗੀ ਪਰਿਵਾਰਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ। ਸ਼ਹਿਰ 'ਚ ਸੈਲੂਨ ਦਾ ਕੰਮ ਕਰਨ ਵਾਲੇ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਮੁਹੰਮਦ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਭਾਵੇਂ ਇਸ ਬਜਟ ਨੂੰ ਜਨਤਾ ਪੱਖੀ ਦੱਸਿਆ ਜਾ ਰਿਹਾ ਹੈ। ਅਸਲ 'ਚ ਇਹ ਬਜਟ ਆਮ ਲੋਕਾਂ ਲਈ ਨਹੀਂ ਸਗੋਂ ਉੱਚ ਵਰਗ ਦੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਲਗਾਤਾਰ ਮਹਿੰਗਾਈ ਵੱਧ ਗਈ ਹੈ। ਇਸ ਕਾਰਨ ਉਹ ਤੇ ਉਨ੍ਹਾਂ ਦੇ ਇਲਾਕੇ ਦੇ ਕਈ ਦੁਕਾਨਦਾਰ ਪਰਸਨਲ ਲੋਨ ਲੈ ਕੇ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਧ ਮਹਿੰਗਾਈ ਕਾਰਨ ਮੱਧ ਵਰਗੀ ਲੋਕਾਂ ਨੂੰ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ।
ਸੈਲੂਨ 'ਚ ਪਾਰਟ ਟਾਈਮ ਕੰਮ ਕਰਨ ਵਾਲੇ ਵਿਦਿਆਰਥੀ ਸਲੀਮ ਨੇ ਦੱਸਿਆ ਕਿ ਉਹ ਪ੍ਰਾਈਵੇਟ ਤੌਰ 'ਤੇ ਐੱਮਕਾਮ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪੂਰੇ ਪਰਿਵਾਰ ਦੀ ਆਮਦਨ ਨਾਲ ਘਰ ਦਾ ਖ਼ਰਚ ਪੂਰਾ ਨਹੀਂ ਪੈਂਦਾ। ਇਸ ਲਈ ਉਹ ਪ੍ਰਾਈਵੇਟ ਤੌਰ 'ਤੇ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਨੌਕਰੀ ਕਰਦਾ ਹੈ। ਉਸ ਨੇ ਕਿਹਾ ਕਿ ਆਮ ਬਜਟ ਨੂੰ ਲੈ ਉਸ ਨੂੰ ਸਿੱਖਿਆ ਖ਼ੇਤਰ ਤੇ ਨੌਜਵਾਨਾਂ ਲਈ ਕਈ ਉਮੀਦਾਂ ਸਨ ਜੋ ਕਿ ਪੂਰੀ ਨਾ ਹੋ ਸਕੇ। ਉਸ ਨੇ ਕਿਹਾ ਕਿ ਇਹ ਬਜਟ ਮੱਧਵਰਗੀ ਲੋਕਾਂ ਦੇ ਸੁਪਨੀਆਂ ਨੂੰ ਉਜਾੜ ਰਿਹਾ ਹੈ।
ਸੈਲੂਨ ਚਾਲਕ ਮੁਹੰਮਦ ਦੀ ਪਤਨੀ ਰਿਹਾਣਾ ਨੇ ਦੱਸਿਆ ਕਿ ਮਹਿੰਗਾਈ ਦੇ ਕਾਰਨ ਘਰ ਦਾ ਬਜਟ ਵਿਗੜ ਗਿਆ ਹੈ। ਖਾਣ ਪੀਣ ਦੀਆਂ ਵਸਤੂਆਂ, ਰਸੋਈ ਗੈਸ ਦੀ ਵੱਧਦੀ ਕੀਮਤਾਂ ਨੇ ਘਰ ਦਾ ਬਜਟ ਹਿੱਲਾ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਪਤੀ ਮਦਦ ਲਈ ਸੈਲੂਨ 'ਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਇਸ ਵਾਰ ਦੇ ਬਜਟ 'ਚ ਘਰੇਲੂ ਸਮਾਨਾਂ ਦੀਆਂ ਕੀਮਤਾਂ ਬਾਰੇ ਖ਼ਾਸ ਧਿਆਨ ਨਹੀਂ ਦਿੱਤਾ ਗਿਆ।