ਬਠਿੰਡਾ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਲੌਕਡਾਊਨ ਦੀ ਸਥਿਤੀ ਹੈ, ਅਜਿਹੇ 'ਚ ਬਠਿੰਡਾ ਵਿੱਚ ਪਹੁੰਚੇ ਪ੍ਰਵਾਸੀ ਪੈਦਲ ਸਫਰ ਕਰਕੇ ਯੂਪੀ ਵੱਲ ਨੂੰ ਜਾ ਰਹੇ ਹਨ। ਬਠਿੰਡਾ ਦੀ ਗੋਨਿਆਣਾ ਮੰਡੀ ਵਿੱਚ ਕੂਲਰ ਦੀ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਲੌਕਡਾਊਨ ਦੇ ਕਾਰਨ ਆਪਣੇ ਘਰ ਤੋਂ ਦੂਰ ਹੋ ਕੇ ਪ੍ਰੇਸ਼ਾਨੀ ਝੱਲ ਰਹੇ ਹਨ। ਇਸ ਲਈ ਉਹ ਆਪਣੇ ਘਰ ਵੱਲ ਪੈਦਲ ਸਫ਼ਰ ਕਰਨ ਨੂੰ ਮਜਬੂਰ ਹਨ।
ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਗੋਨਿਆਣਾ ਮੰਡੀ ਦੀ ਕੂਲਰ ਫੈਕਟਰੀ ਵਿੱਚ ਕੰਮ ਕਰ ਰਹੇ ਹਨ ਜੋ ਹੁਣ ਲੌਕਡਾਊਨ ਕਰਕੇ ਕੰਮਕਾਜ ਠੱਪ ਹੋ ਗਿਆ ਹੈ ਅਤੇ ਉਹ ਆਪਣੇ ਪਰਿਵਾਰ ਤੋਂ ਦੂਰ ਹੋਣ ਕਾਰਨ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕੋਈ ਸਾਧਨ ਨਾ ਮਿਲਣ ਕਰਕੇ ਉਹ ਪੈਦਲ ਸਫ਼ਰ ਕਰਨ ਨੂੰ ਮਜਬੂਰ ਹਨ।
ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਉੱਤਰ ਪ੍ਰਦੇਸ਼ ਲਗਭਗ ਚਾਰ ਸੌ ਕਿਲੋਮੀਟਰ ਤੋਂ ਵੱਧ ਹੈ। ਗੋਨਿਆਣਾ ਮੰਡੀ ਤੋਂ ਅੱਜ ਸਵੇਰੇ ਪੈਦਲ ਸਫਰ ਕਰਦੇ ਹੋਏ ਬਠਿੰਡਾ ਪਹੁੰਚੇ ਹਨ। ਇਸੇ ਤਰੀਕੇ ਨਾਲ ਪੈਦਲ ਸਫਰ ਕਰਕੇ ਉੱਤਰ ਪ੍ਰਦੇਸ਼ ਵਿੱਚ ਚਾਰ ਦਿਨਾਂ ਬਾਅਦ ਪਹੁੰਚਣਗੇ ਅਤੇ ਖਾਣ ਪੀਣ ਦਾ ਸਾਮਾਨ ਲੰਗਰ ਵਿੱਚੋਂ ਮਿਲ ਚੁੱਕਿਆ ਹੈ ਤੇ ਹੁਣ ਉਹ ਲਗਾਤਾਰ ਪੈਦਲ ਸਫਰ ਤੈਅ ਕਰਨਗੇ। ਜੇਕਰ ਰਸਤੇ ਦੇ ਵਿੱਚ ਕੁਝ ਸਾਧਨ ਮੁਹੱਈਆ ਹੋ ਗਿਆ ਤਾਂ ਠੀਕ ਨਹੀਂ ਤਾਂ ਇਸੇ ਤਰੀਕੇ ਨਾਲ ਪੈਦਲ ਸਫਰ ਤੈਅ ਕਰਦੇ ਰਹਿਣਗੇ।