ਬਠਿੰਡਾ : ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪੰਜਾਬ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਤਿਹਾਸਕ ਨਗਰੀ ਤਲਵੰਡੀ ਸਾਬੋ ਵਿਖੇ ਸਟੇਟ ਬੈਂਕ ਆਫ ਇੰਡੀਆ (ਸੀਬੀਆਈ) ਦੀ ਇੱਕ ਬ੍ਰਾਂਚ 'ਚ 16 ਮੁਲਾਜ਼ਮ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਤਲਵੰਡੀ ਸਾਬੋ ਦੇ ਐਸਐਮਓ ਗੁਰਜੀਤ ਸਿੰਘ ਨੇ ਦੱਸਿਆ ਤਿੰਨ ਦਿਨ ਪਹਿਲਾਂ ਇੱਕ ਬੈਂਕ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਬੈਂਕ ਦੇ ਹੋਰਨਾਂ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ। ਜਿਸ ਤੋਂ ਬਾਅਦ ਚਾਰ ਹੋਰ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਪਾਏ ਗਏ। ਬੈਂਕ ਮੈਨੇਜਰ ਦੇ ਮੁਤਾਬਕ ਬੈਂਕ 'ਚ ਕੁੱਲ 32 ਮੁਲਾਜ਼ਮ ਹਨ, ਜਿਨ੍ਹਾਂ ਚੋਂ 16 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਐਸਐਮਓ ਨੇ ਦੱਸਿਆ ਮੌਜੂਦਾ ਹਲਾਤਾਂ ਨੂੰ ਵੇਖਦੇ ਹੋਏ ਬੈਂਕ ਪ੍ਰਬੰਧਕਾਂ ਨੂੰ ਵਕਤੀ ਤੌਰ 'ਤੇ ਬੈਂਕ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਹਲਾਂਕਿ ਬੈਂਕ ਨੂੰ ਸੀਲ ਕਰਨ ਸਬੰਧੀ ਕੋਈ ਵੀ ਫੈਸਲਾ ਡਿਪਟੀ ਕਮਿਸ਼ਨਰ ਹੀ ਲੈ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਫਿਲਹਾਲ ਜਿਨ੍ਹਾਂ ਬੈਂਕ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਉਨ੍ਹਾਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਈਟੀਵੀ ਭਾਰਤ ਦੇ ਪੱਤਰਕਾਰ ਨੇ ਬੈਂਕ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ। ਫਿਲਹਾਲ ਕੁੱਝ ਦਿਨਾਂ ਲਈ ਬੈਂਕ ਬੰਦ ਕਰ ਦਿੱਤਾ ਗਿਆ ਹੈ।