ਅੰਮ੍ਰਿਤਸਰ: ਜਿਵੇਂ ਹੀ ਪੰਜਾਬ ਵਿੱਚ ਮੌਨਸੂਨ ਦਸਤਕ ਦਿੰਦਾ ਹੈ ਤਾਂ ਸੂਬੇ ਦੀਆਂ ਬਹੁਤੀਆਂ ਸਬਜ਼ੀ ਮੰਡੀਆਂ ਵਿੱਚ ਸਬਜ਼ੀਆਂ ਦੇ ਭਾਅ ਵੀ ਆਸਮਾਨ 'ਤੇ ਚੜ੍ਹ ਜਾਂਦੇ ਹਨ। ਇਸ ਵਰ੍ਹੇ ਵੀ ਜਿਵੇਂ ਹੀ ਮੌਨਸੂਨ ਸ਼ੁਰੂ ਹੋਇਆ ਹੈ ਤਾਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੇ ਭਾਅ ਕਈ ਗੁਣਾ ਵੱਧ ਗਏ ਹਨ। ਅੰਮ੍ਰਿਤਸਰ ਦੀ ਸਬਜ਼ੀ ਮੰਡੀ ਵਿੱਚ ਇਸ ਵੇਲੇ ਟਮਾਟਰ, ਨਿੰਬੂ, ਮਟਰ ਅਤੇ ਬੀਨ ਆਦਿ ਸਬਜ਼ੀਆਂ ਦੇ ਭਾਅ ਦੋ ਗੁਣਾ ਤੋਂ ਤਿੰਨ ਗੁਣਾ ਵੱਧ ਗਏ ਹਨ।
ਇਸ ਬਾਰੇ ਸਬਜ਼ੀ ਮੰਡੀ ਦੇ ਆੜਤੀ ਵਿਪੁਨ ਕੁਮਾਰ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਬਹੁਤੀ ਸਬਜ਼ੀ ਬਾਹਰੇ ਸੂਬਿਆਂ ਤੋਂ ਆ ਰਹੀਆਂ ਹਨ। ਇਸ ਕਾਰਨ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਆਦਾਤਰ ਸਬਜ਼ੀ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਅਤੇ ਅਗਲੇ ਚਾਰ ਮਹੀਨੇ ਤੱਕ ਹਿਮਾਚਲ ਤੋਂ ਹੀ ਸਬਜ਼ੀ ਆਉਣੀ ਹੈ। ਉਨ੍ਹਾਂ ਕਿਹਾ ਕਿ ਟਮਾਟਰ 60 ਰੁਪਏ ਕਿਲੋ, ਨਿੰਬੂ 25 ਰੁਪਏ ਕਿਲੋ, ਮਟਰ 60 ਰੁਪਏ ਕਿਲੋ ਅਤੇ ਬੀਨ 26 ਰੁਪਏ ਕਿਲੋ ਦੇ ਦੁੱਗਣੇ ਭਾਅ 'ਤੇ ਵਿਕ ਰਹੀਆਂ ਹਨ। ਇਸੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮੌਸਮ ਵਿੱਚ ਹਰ ਸਾਲ ਸਬਜ਼ੀਆਂ ਦੇ ਭਾਅ ਵੱਧਦੇ ਹਨ ਕਿਉਂਕਿ ਪੰਜਾਬ ਵਿੱਚ ਇਸ ਮੌਸਮ ਦੌਰਾਨ ਸਬਜ਼ੀਆਂ ਦੀ ਆਮਦ ਮੰਡੀਆਂ ਵਿੱਚ ਘੱਟ ਜਾਂਦੀ ਹੈ।
ਵਧੇ ਹੋਏ ਇਨ੍ਹਾਂ ਸਬਜ਼ੀਆਂ ਦੇ ਰੇਟਾਂ ਨੇ ਆਮ ਲੋਕਾਂ ਦੀ ਜੇਬ 'ਤੇ ਡਾਕਾ ਮਾਰਿਆ ਹੈ। ਮਹਿੰਗੀਆਂ ਹੋਈਆਂ ਸਬਜ਼ੀਆਂ ਦੇ ਕਾਰਨ ਆਮ ਇਨਸਾਨ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ।