ਮਾਨਸਾ: ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਅੱਜ ਚੋਣ ਪ੍ਰਚਾਰ ਕਰਨ ਲਈ ਮਾਨਸਾ ਪੁੱਜੇ। ਇਸ ਮੌਕੇ 'ਤੇ ਉਨ੍ਹਾਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ 'ਤੇ ਜ਼ੁਬਾਨੀ ਹਮਲੇ ਕੀਤੇ। ਉਨ੍ਹਾਂ ਰਾਜਾ ਵੜਿੰਗ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਅੱਤ ਦਰਜੇ ਦਾ ਝੂਠਾ ਵਿਅਕਤੀ ਹੈ। ਸੁਖਬੀਰ ਬਾਦਲ ਨੇ ਬੇਅਦਬੀ ਵਾਲੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਪੰਥਕ ਪਾਰਟੀ ਹੈ ਅਤੇ ਉਹ ਕਦੇ ਵੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਜਿਹੜੇ ਬੇਅਦਬੀ ਦੇ ਨਾਂ 'ਤੇ ਸਿਆਸਤ ਕਰਦੇ ਹਨ, ਉਨ੍ਹਾਂ ਦਾ ਕੱਖ ਨਾ ਰਹੇ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਬੇਅਦਬੀ ਤਾਂ ਕਾਂਗਰਸ ਨੇ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੂਠੀ ਸੌਂਹ ਖਾਕੇ ਸਰਕਾਰ ਬਣਾਉਣ ਵਾਲੇ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਸੁਖਬੀਰ ਬਾਦਲ ਨੇ ਰਾਜਾ ਵੜਿੰਗ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ १९ ਮਈ ਤੋਂ ਬਾਅਦ ਇੱਥੇ ਦਿਖਾਈ ਨਹੀਂ ਦੇਵੇਗਾ। ਬਰਗਾੜੀ ਮੋਰਚੇ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੋਰਚਾ ਲਗਾਉਣ ਵਾਲੇ ਨੂੰ ਵਿਦੇਸ਼ਾਂ ਤੋਂ 25 ਕਰੋੜ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲਣ ਲੱਗੀ ਤਾਂ ਫਿਰ ਤੋਂ ਬਰਗਾੜੀ ਮੋਰਚਾ ਸ਼ੁਰੂ ਕਰਵਾ ਦਿੱਤਾ ਗਿਆ। ਉਨ੍ਹਾਂ ਕਿ ਇਹ ਕਾਂਗਰਸ ਦੀ ਘਟੀਆ ਰਾਜਨੀਤੀ ਦਾ ਹਿੱਸਾ ਹੈ।